ਗੋਆ :- ਗੋਆ ਦੇ ਮਸ਼ਹੂਰ ‘ਬਿਰਚ’ ਨਾਈਟਕਲੱਬ ਵਿੱਚ ਲੱਗੀ ਭਿਆਨਕ ਅੱਗ, ਜਿਸ ਵਿੱਚ 25 ਜਾਨਾਂ ਸੜਕੇ ਖ਼ਾਕ ਹੋ ਗਈਆਂ ਸਨ, ਉਸਦੀ ਜਾਂਚ ਹੁਣ ਤੀਬਰ ਮੋੜ ’ਤੇ ਆ ਗਈ ਹੈ। ਗੋਆ ਪੁਲਿਸ ਦੀ ਸਿਫ਼ਾਰਸ਼ ਤੋਂ ਬਾਅਦ ਭਾਰਤ ਸਰਕਾਰ ਨੇ ਕਲੱਬ ਦੇ ਮਾਲਕ ਸੌਰਭ ਲੂਥਰਾ ਅਤੇ ਗੌਰਵ ਲੂਥਰਾ—ਜੋ ਅੱਗ ਵਾਲੀ ਰਾਤ ਦੇਸ਼ ਛੱਡ ਕੇ ਥਾਈਲੈਂਡ ਨਿਕਲ ਗਏ ਸਨ—ਦੇ ਪਾਸਪੋਰਟ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੇ ਹਨ। ਫੈਸਲੇ ਤੋਂ ਬਾਅਦ ਦੋਵੇਂ ਭਰਾਵਾਂ ਦੀ ਅੰਤਰਰਾਸ਼ਟਰੀ ਯਾਤਰਾ ਰੁਕ ਗਈ ਹੈ ਅਤੇ ਉਹਨਾਂ ਦਾ ਭਾਰਤ ਵਾਪਸੀ ਦਾ ਦਬਾਅ ਕਫ਼ੀ ਵੱਧ ਗਿਆ ਹੈ।
ਪਾਸਪੋਰਟ ਐਕਟ 1967 ਤਹਿਤ ਕਾਰਵਾਈ, ਅਗਲਾ ਕਦਮ – ਪਾਸਪੋਰਟ ਰੱਦ?
ਗੋਆ ਸਰਕਾਰ ਵੱਲੋਂ ਬੁੱਧਵਾਰ ਨੂੰ ਭੇਜੇ ਗਏ ਸੁਝਾਅ ‘ਤੇ ਕਾਰਵਾਈ ਕਰਦਿਆਂ, ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਐਕਟ ਦੀ ਧਾਰਾ 10-A ਅਧੀਨ ਇਹ ਕਦਮ ਚੁੱਕਿਆ ਹੈ। ਇਹ ਧਾਰਾ ਕਿਸੇ ਵਿਅਕਤੀ ਨੂੰ ਯਾਤਰਾ ਦਸਤਾਵੇਜ਼ ਦੇ ਦੁਰਵਰਤੋਂ ਜਾਂ ਅਪਰਾਧਕ ਜਾਂਚ ਤੋਂ ਬਚਣ ਦੀ ਕੋਸ਼ਿਸ਼ ਦੀ ਸਥਿਤੀ ਵਿੱਚ ਪਾਸਪੋਰਟ ਤੁਰੰਤ ਰੋਕਣ ਦੀ ਆਗਿਆ ਦਿੰਦੀ ਹੈ। ਇਸ ਮਾਮਲੇ ਵਿੱਚ ਇੰਟਰਪੋਲ ਵੀ ਪਹਿਲਾਂ ਹੀ ਦੋਵੇਂ ਭਰਾਵਾਂ ਦੇ ਖ਼ਿਲਾਫ਼ ‘ਬਲੂ ਕਾਰਨਰ ਨੋਟਿਸ’ ਜਾਰੀ ਕਰ ਚੁੱਕੀ ਹੈ, ਜਿਸ ਨਾਲ ਉਹਨਾਂ ਦੇ ਅੰਤਰਰਾਸ਼ਟਰੀ ਹਲਚਲ ’ਤੇ ਨਿਗਰਾਨੀ ਵਧ ਗਈ ਹੈ।
ਅੱਗ ਬੁਝਾਉਣ ਦੇ ਯਤਨ ਜਾਰੀ ਸਨ, ਦੂਜੇ ਪਾਸੇ ਟਿਕਟਾਂ ਬੁੱਕ ਹੁੰਦੀਆਂ ਰਹੀਆਂ
ਜਾਂਚ ਅਧਿਕਾਰੀਆਂ ਦੇ ਅਨੁਸਾਰ, ਜਦ ਗੋਆ ਦੀ ਫਾਇਰ ਟੀਮ ਅੱਗ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਜੱਦੋ-ਜਹਦ ਕਰ ਰਹੀ ਸੀ, ਠੀਕ ਉਸੇ ਸਮੇਂ ਲੂਥਰਾ ਬ੍ਰਦਰਜ਼ ਦੇਸ਼ ਤੋਂ ਨਿਕਲਣ ਦੀ ਤਿਆਰੀ ਕਰ ਰਹੇ ਸਨ। ਡਿਜ਼ਿਟਲ ਲਾਗਜ਼ ਤੋਂ ਖੁਲਾਸਾ ਹੋਇਆ ਹੈ ਕਿ ਉਹ 6–7 ਦਸੰਬਰ ਦੀ ਰਾਤ 1:17 ਵਜੇ ਇੱਕ ਟ੍ਰੈਵਲ ਪੋਰਟਲ ‘ਤੇ ਲਾਗਇਨ ਹੋਏ ਅਤੇ ਸਵੇਰੇ 5:30 ਵਜੇ ਦੀ ਫਲਾਈਟ ਫੜ ਕੇ ਦਿੱਲੀ ਤੋਂ ਸਿੱਧੇ ਫੁਕੇਟ (ਥਾਈਲੈਂਡ) ਉੱਡ ਗਏ।
ਦੋਵੇਂ ਭਰਾਵਾਂ ਨੇ ਦਿੱਲੀ ਦੀ ਰੋਹਿਣੀ ਕੋਰਟ ਵਿੱਚ ਅਗਾਂਹ-ਜ਼ਮਾਨਤ ਲਈ ਅਰਜ਼ੀ ਵੀ ਦਾਇਰ ਕੀਤੀ ਹੈ, ਪਰ ਪੁਲਿਸ ਨੇ ਕੋਰਟ ਨੂੰ ਜ਼ਾਹਿਰ ਕੀਤਾ ਕਿ ਗੋਆ ਦੀ ਅਦਾਲਤ ਪਹਿਲਾਂ ਹੀ ਉਹਨਾਂ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਚੁੱਕੀ ਹੈ।
ਕਲੱਬ ਦਾ ਪਾਰਟਨਰ ਅਜੈ ਗੁਪਤਾ ਹਸਪਤਾਲ ਤੋਂ ਹੀ ਹਿਰਾਸਤ ਵਿੱਚ
ਇਸੇ ਦਰਮਿਆਨ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਕਲੱਬ ਦੇ ਹੋਰ ਸਾਂਝੇਦਾਰ ਅਜੈ ਗੁਪਤਾ ਨੂੰ ਦਿੱਲੀ ਦੇ ਲਾਜਪਤ ਨਗਰ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਤੋਂ ਗ੍ਰਿਫ਼ਤਾਰ ਕਰ ਲਿਆ। ਗੁਪਤਾ ਨੇ ਆਪਣੇ ਆਪ ਨੂੰ ਰੀੜ੍ਹ ਦੀ ਸਮੱਸਿਆ ਦੱਸ ਕੇ ਦਾਖਲ ਕਰਵਾ ਰੱਖਿਆ ਸੀ, ਪਰ ਮੈਡੀਕਲ ਬੋਰਡ ਦੀ ਰਿਪੋਰਟ ਤੋਂ ਬਾਅਦ ਪੁਲਿਸ ਨੇ ਉਸਨੂੰ ਡਿਸਚਾਰਜ ਕਰਵਾ ਕੇ ਹਿਰਾਸਤ ਵਿੱਚ ਲੈ ਲਿਆ। ਕੋਰਟ ਨੇ ਉਸਨੂੰ ਗੋਆ ਰਵਾਨਾ ਕਰਨ ਲਈ 36 ਘੰਟਿਆਂ ਦੀ ਟ੍ਰਾਂਜ਼ਿਟ ਰਿਮਾਂਡ ਮੰਜ਼ੂਰ ਕੀਤੀ ਹੈ।
ਹਿਰਾਸਤ ਤੋਂ ਬਾਹਰ ਨਿਕਲਦਿਆਂ ਗੁਪਤਾ ਨੇ ਦਾਅਵਾ ਕੀਤਾ—“ਮੈਂ ਸਿਰਫ਼ ਕਾਰੋਬਾਰੀ ਸਾਥੀ ਹਾਂ, ਸਾਰੀ ਕਾਰਵਾਈ ਦੀ ਜਾਣਕਾਰੀ ਮਾਲਕਾਂ ਕੋਲ ਸੀ।
ਘਟਨਾ ਨਾਲ ਜੁੜੇ 5 ਲੋਕ ਹੁਣ ਤੱਕ ਗ੍ਰਿਫ਼ਤਾਰ
ਜਾਂਚ ਦੇ ਤਹਿਤ ਗੋਆ ਪੁਲਿਸ ਨੇ ਹੁਣ ਤੱਕ ਨਾਈਟਕਲੱਬ ਦੇ ਚੀਫ਼ ਜਨਰਲ ਮੈਨੇਜਰ ਰਾਜੀਵ ਮੋਦਕ, ਜੀਐਮ ਵਿਵੇਕ ਸਿੰਘ, ਬਾਰ ਮੈਨੇਜਰ ਸਮੇਤ ਕੁੱਲ ਪੰਜ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੇਸ ਦੀ ਮਾਨੀਟਰਿੰਗ ਦਿੱਲੀ ਪੁਲਿਸ ਵੀ ਕਰ ਰਹੀ ਹੈ ਕਿਉਂਕਿ ਮੁੱਖ ਦੋਸ਼ੀ ਇੱਥੋਂ ਰਾਹੀ ਦੇਸ਼ ਤੋਂ ਬਾਹਰ ਭੱਜੇ ਸਨ।
ਸਖ਼ਤ ਕਾਰਵਾਈ ਦੀ ਮੰਗ, ਸੁਰੱਖਿਆ ਪ੍ਰਬੰਧਾਂ ’ਤੇ ਵੱਡੇ ਸਵਾਲ
ਇਸ ਘਟਨਾ ਨੇ ਗੋਆ ਦੇ ਰਾਤਰੀ ਕਲੱਬਾਂ ਵਿੱਚ ਸੁਰੱਖਿਆ ਪ੍ਰਬੰਧਾਂ ਤੇ ਪ੍ਰਸ਼ਾਸਨ ਦੀ ਨਿਗਰਾਨੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। 25 ਮੌਤਾਂ ਵਾਲੀ ਇਸ ਦੁਰਘਟਨਾ ਤੋਂ ਬਾਅਦ ਸਥਾਨਕ ਵਾਸੀਆਂ ਅਤੇ ਪਰਿਵਾਰਾਂ ਵੱਲੋਂ ਕਲੱਬ ਮਾਲਕਾਂ ਖ਼ਿਲਾਫ਼ ਤੁਰੰਤ ਅਤੇ ਕੜੀ ਕਾਰਵਾਈ ਦੀ ਮੰਗ ਹੋ ਰਹੀ ਹੈ।

