ਗੋਆ :- ਗੋਆ ਦੇ ਖੇਤੀਬਾੜੀ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਰਵੀ ਨਾਇਕ ਦਾ ਮੰਗਲਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਨਾਲ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਮੁਤਾਬਕ, ਨਾਇਕ ਨੂੰ ਪਣਜੀ ਤੋਂ ਲਗਭਗ 30 ਕਿਲੋਮੀਟਰ ਦੂਰ ਸਥਿਤ ਉਨ੍ਹਾਂ ਦੇ ਜੱਦੀ ਸ਼ਹਿਰ ਪੋਂਡਾ ਵਿੱਚ ਦਿਲ ਦਾ ਦੌਰਾ ਪਿਆ। ਉਨ੍ਹਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਰਾਤ ਇੱਕ ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ ਜਿੱਥੇ ਸਵੇਰ ਤੋਂ ਹੀ ਹਜ਼ਾਰਾਂ ਲੋਕ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ। ਅੰਤਿਮ ਸੰਸਕਾਰ ਬੁੱਧਵਾਰ ਦੁਪਹਿਰ ਪੋਂਡਾ ਵਿੱਚ ਕੀਤਾ ਗਿਆ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਦੋ ਪੁੱਤਰ, ਇੱਕ ਨੂੰਹ ਅਤੇ ਤਿੰਨ ਪੋਤੇ-ਪੋਤੀਆਂ ਹਨ।
ਮੁੱਖ ਮੰਤਰੀ ਸਾਵੰਤ ਨੇ ਕੀਤਾ ਦੁੱਖ ਪ੍ਰਗਟ
ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਐਕਸ (X) ’ਤੇ ਦੁੱਖ ਪ੍ਰਗਟ ਕਰਦਿਆਂ ਲਿਖਿਆ ਕਿ ਰਵੀ ਨਾਇਕ ਦੀ ਅਗਵਾਈ, ਨਿਮਰਤਾ ਅਤੇ ਲੋਕ ਭਲਾਈ ਲਈ ਯੋਗਦਾਨ ਹਮੇਸ਼ਾ ਯਾਦ ਰਹੇਗਾ। ਉਨ੍ਹਾਂ ਕਿਹਾ ਕਿ ਨਾਇਕ ਨੇ ਗੋਆ ਦੀ ਰਾਜਨੀਤੀ ਅਤੇ ਪ੍ਰਸ਼ਾਸਨ ’ਤੇ ਅਮਿੱਟ ਛਾਪ ਛੱਡੀ ਹੈ।
ਲੰਮਾ ਰਾਜਨੀਤਕ ਸਫ਼ਰ
ਰਵੀ ਨਾਇਕ ਨੇ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ, ਕਾਂਗਰਸ ਅਤੇ ਭਾਜਪਾ ਤਿੰਨਾਂ ਪਾਰਟੀਆਂ ਨਾਲ ਜੁੜ ਕੇ ਸੱਤ ਵਾਰ ਵਿਧਾਇਕ ਵਜੋਂ ਸੇਵਾ ਨਿਭਾਈ। ਉਹ ਦੋ ਵਾਰ ਗੋਆ ਦੇ ਮੁੱਖ ਮੰਤਰੀ ਰਹੇ — ਪਹਿਲੀ ਵਾਰ 1991 ਤੋਂ 1993 ਤੱਕ ਅਤੇ ਦੂਜੀ ਵਾਰ 1994 ਵਿੱਚ ਛੇ ਦਿਨਾਂ ਲਈ। 1998 ਵਿੱਚ ਉਹ ਉੱਤਰੀ ਗੋਆ ਤੋਂ ਸੰਸਦ ਮੈਂਬਰ ਵੀ ਚੁਣੇ ਗਏ ਸਨ।