ਚੰਡੀਗੜ੍ਹ :- ਸਾਲ 2026 ਵਿੱਚ ਖਗੋਲੀ ਘਟਨਾਵਾਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ ਹੈ। ਇਸ ਸਾਲ ਦੋ ਸੂਰਜ ਗ੍ਰਹਿਣ ਹੋਣਗੇ ਅਤੇ ਇਨ੍ਹਾਂ ਵਿੱਚੋਂ ਪਹਿਲਾ 17 ਫਰਵਰੀ, ਮੰਗਲਵਾਰ ਨੂੰ ਲੱਗਣ ਜਾ ਰਿਹਾ ਹੈ। ਗ੍ਰਹਿਣ ਦੇ ਸਮੇਂ, ਇਸ ਦੀ ਕਿਸਮ ਅਤੇ ਭਾਰਤ ਵਿੱਚ ਇਸਦੇ ਪ੍ਰਭਾਵ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸੁਕਤਾ ਪਾਈ ਜਾ ਰਹੀ ਹੈ।
ਕਿਸ ਵੇਲੇ ਲੱਗੇਗਾ ਗ੍ਰਹਿਣ?
ਖਗੋਲ ਵਿਦਵਾਨਾਂ ਮੁਤਾਬਕ 17 ਫਰਵਰੀ 2026 ਨੂੰ ਫੱਗਣ ਮਹੀਨੇ ਦੀ ਮੱਸਿਆ ਦੇ ਦਿਨ ਇਹ ਸੂਰਜ ਗ੍ਰਹਿਣ ਵਾਪਰੇਗਾ। ਭਾਰਤੀ ਸਮੇਂ ਅਨੁਸਾਰ ਗ੍ਰਹਿਣ ਸ਼ਾਮ 5 ਵਜੇ 26 ਮਿੰਟ ‘ਤੇ ਸ਼ੁਰੂ ਹੋਵੇਗਾ ਅਤੇ ਰਾਤ 7 ਵਜੇ 57 ਮਿੰਟ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਚੰਦਰਮਾ ਸੂਰਜ ਦੇ ਸਾਹਮਣੇ ਆ ਕੇ ਉਸਦੀ ਰੌਸ਼ਨੀ ਨੂੰ ਅੰਸ਼ਿਕ ਤੌਰ ‘ਤੇ ਢੱਕੇਗਾ।
ਅਸਮਾਨ ‘ਚ ਨਜ਼ਰ ਆਏਗਾ ‘ਰਿੰਗ ਆਫ ਫਾਇਰ’
ਇਹ ਗ੍ਰਹਿਣ ਵਲਯਾਕਾਰ ਕਿਸਮ ਦਾ ਹੋਵੇਗਾ। ਇਸ ਦੌਰਾਨ ਚੰਦਰਮਾ ਸੂਰਜ ਦੇ ਕਰੀਬ 96 ਪ੍ਰਤੀਸ਼ਤ ਹਿੱਸੇ ਨੂੰ ਢੱਕ ਲਵੇਗਾ, ਜਿਸ ਨਾਲ ਸੂਰਜ ਅੱਗ ਦੇ ਗੋਲ ਛੱਲੇ ਵਾਂਗ ਦਿਸੇਗਾ। ਇਸ ਖ਼ਾਸ ਦ੍ਰਿਸ਼ ਨੂੰ ਆਮ ਬੋਲੀ ਵਿੱਚ ‘ਰਿੰਗ ਆਫ ਫਾਇਰ’ ਕਿਹਾ ਜਾਂਦਾ ਹੈ। ਇਹ ਮਨਮੋਹਕ ਦ੍ਰਿਸ਼ ਕਰੀਬ 2 ਮਿੰਟ 20 ਸਕਿੰਟ ਲਈ ਦਿਖਾਈ ਦੇ ਸਕਦਾ ਹੈ।
ਕੀ ਭਾਰਤ ਵਿੱਚ ਦਿਖਾਈ ਦੇਵੇਗਾ ਗ੍ਰਹਿਣ?
ਜੋਤਿਸ਼ ਅਤੇ ਖਗੋਲ ਗਣਨਾਵਾਂ ਅਨੁਸਾਰ ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦ੍ਰਿਸ਼ਮਾਨ ਨਹੀਂ ਹੋਵੇਗਾ। ਗ੍ਰਹਿਣ ਦੇ ਸਮੇਂ ਭਾਰਤ ਵਿੱਚ ਦਿਨ ਦਾ ਸਮਾਂ ਹੋਣ ਕਰਕੇ ਇਸਦੀ ਸਿੱਧੀ ਝਲਕ ਨਹੀਂ ਮਿਲੇਗੀ। ਇਸ ਕਾਰਨ ਦੇਸ਼ ਵਿੱਚ ਇਸ ਨਾਲ ਸੰਬੰਧਤ ਸੂਤਕ ਕਾਲ ਵੀ ਲਾਗੂ ਨਹੀਂ ਮੰਨਿਆ ਜਾਵੇਗਾ।
ਖਗੋਲੀ ਰੁਚੀ ਵਾਲਿਆਂ ਲਈ ਵਿਸ਼ੇਸ਼ ਮੌਕਾ
ਭਾਵੇਂ ਭਾਰਤ ਵਿੱਚ ਇਹ ਦ੍ਰਿਸ਼ ਨਹੀਂ ਵੇਖਿਆ ਜਾ ਸਕੇਗਾ, ਪਰ ਜਿਨ੍ਹਾਂ ਖੇਤਰਾਂ ਵਿੱਚ ਇਹ ਦਿਖਾਈ ਦੇਵੇਗਾ, ਉੱਥੇ ਇਹ ਖਗੋਲੀ ਘਟਨਾ ਇੱਕ ਅਦਭੁਤ ਤਜਰਬਾ ਸਾਬਤ ਹੋਵੇਗੀ। ਵਿਦਵਾਨਾਂ ਦਾ ਕਹਿਣਾ ਹੈ ਕਿ ਅਜਿਹੇ ਮੌਕੇ ਵਿਗਿਆਨ ਅਤੇ ਅਸਮਾਨੀ ਘਟਨਾਵਾਂ ਪ੍ਰਤੀ ਰੁਚੀ ਵਧਾਉਂਦੇ ਹਨ। ਸਾਲ ਦਾ ਇਹ ਪਹਿਲਾ ਸੂਰਜ ਗ੍ਰਹਿਣ ਖਗੋਲ ਵਿਗਿਆਨ ਪ੍ਰੇਮੀਆਂ ਲਈ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ, ਜਦਕਿ ਦੂਜੇ ਗ੍ਰਹਿਣ ਬਾਰੇ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆਏਗੀ।

