ਸਰੀ :- ਕਨੇਡਾ ਦੇ ਸਰੀ ਸ਼ਹਿਰ ‘ਚ ਸਥਿਤ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ‘ਚ ਹੋਈ ਗੋਲੀਆਂ ਚਲਾਉਣ ਦੀ ਘਟਨਾ ਨੇ ਨਵਾਂ ਮੋੜ ਲੈ ਲਿਆ ਹੈ। ਹਾਲ ਹੀ ‘ਚ ਸਾਹਮਣੇ ਆਈ ਇੱਕ ਆਡੀਓ ਕਲਿੱਪ ‘ਚ ਦਾਅਵਾ ਕੀਤਾ ਗਿਆ ਹੈ ਕਿ ਇਹ ਹਮਲਾ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨਾਲ ਜੁੜੇ ਹੋਣ ਕਾਰਨ ਕੀਤਾ ਗਿਆ।
Netflix Show ‘ਚ ਸਲਮਾਨ ਖ਼ਾਨ ਦੀ ਹਾਜ਼ਰੀ ਬਣੀ ਹਮਲੇ ਦੀ ਵਜ੍ਹਾ
ਇੰਡੀਆ ਟੁਡੇ ਦੀ ਰਿਪੋਰਟ ਮੁਤਾਬਕ, ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੇ ਇੱਕ ਆਡੀਓ ਕਲਿੱਪ ਰਾਹੀਂ ਸਲਮਾਨ ਖ਼ਾਨ ਨਾਲ ਕੰਮ ਕਰਨ ਵਾਲੇ ਹਰ ਕਲਾਕਾਰ, ਨਿਰਦੇਸ਼ਕ ਜਾਂ ਨਿਰਮਾਤਾ ਨੂੰ ਗੋਲੀਆਂ ਮਾਰਨ ਦੀ ਧਮਕੀ ਦਿੱਤੀ ਹੈ। ਉਸ ਨੇ ਆਰੋਪ ਲਗਾਇਆ ਕਿ ਕਪਿਲ ਸ਼ਰਮਾ ਦੇ ਕੈਫੇ ਉੱਤੇ ਪਹਿਲੀ ਫਾਇਰਿੰਗ ਜੁਲਾਈ ‘ਚ ਅਤੇ ਦੂਜੀ ਤਾਜ਼ਾ ਘਟਨਾ ਵੀ ਸਲਮਾਨ ਖ਼ਾਨ ਦੀ Netflix ਸ਼ੋਅ ‘ਚ ਹਾਜ਼ਰੀ ਕਾਰਨ ਹੀ ਹੋਈ।
ਆਡੀਓ ਕਲਿੱਪ ‘ਚ ਕਿਹਾ ਗਿਆ, “ਕਪਿਲ ਸ਼ਰਮਾ ਨੇ ਆਪਣੇ ਰੈਸਟੋਰੈਂਟ ਦੇ ਉਦਘਾਟਨ ‘ਤੇ ਸਲਮਾਨ ਖ਼ਾਨ ਨੂੰ ਬੁਲਾਇਆ, ਜਿਸ ਦਾ ਜ਼ਿਕਰ Netflix ਦੇ The Great Indian Kapil Show ਦੇ ਤੀਜੇ ਸੀਜ਼ਨ ਦੇ ਪਹਿਲੇ ਐਪੀਸੋਡ ‘ਚ ਕੀਤਾ ਗਿਆ ਸੀ। ਇਸੀ ਕਾਰਨ ਦੋ ਵਾਰੀ ਫਾਇਰਿੰਗ ਹੋਈ।”
ਛੋਟੇ ਅਦਾਕਾਰਾਂ ਅਤੇ ਡਾਇਰੈਕਟਰਾਂ ਨੂੰ ਵੀ ਮਾਰਨ ਦੀ ਧਮਕੀ
ਉਸ ਆਡੀਓ ਕਲਿੱਪ ਵਿੱਚ ਇਹ ਵੀ ਸੁਣਨ ਨੂੰ ਮਿਲਿਆ ਕਿ ਜੋ ਵੀ “ਛੋਟੇ ਪੱਧਰ ਦੇ ਅਦਾਕਾਰ ਜਾਂ ਨਿਰਦੇਸ਼ਕ” ਸਲਮਾਨ ਖ਼ਾਨ ਨਾਲ ਕੰਮ ਕਰਦੇ ਹਨ, ਉਹ ਵੀ ਨਿਸ਼ਾਨੇ ‘ਤੇ ਹਨ। ਇਹ ਧਮਕੀਆਂ ਸਿਰਫ਼ ਵੱਡੇ ਸਿਤਾਰਿਆਂ ਤੱਕ ਸੀਮਤ ਨਹੀਂ ਰਹੀਆਂ।
ਤਾਜ਼ਾ ਵਾਕਿਆ ਵੀ ਵੀਰਵਾਰ ਨੂੰ ਵਾਪਰਿਆ, ਜਦੋਂ ਅਣਪਛਾਤੇ ਹਮਲਾਵਰਾਂ ਨੇ Surrey ਸਥਿਤ Kap’s Café ਉੱਤੇ ਗੋਲੀਆਂ ਚਲਾਈਆਂ। ਇਹ ਦੂਜਾ ਹਮਲਾ ਕੁਝ ਹਫ਼ਤਿਆਂ ਦੇ ਅੰਦਰ-ਅੰਦਰ ਹੋਇਆ। ਖ਼ੁਸ਼ਕਿਸਮਤੀ ਨਾਲ ਦੋਹਾਂ ਵਾਰ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ। ਸਥਾਨਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।
AP Dhillon ਦੇ ਘਰ ਤੇ ਵੀ ਹੋ ਚੁੱਕਾ ਹੈ ਹਮਲਾ
ਇਹ ਪਹਿਲਾ ਮੌਕਾ ਨਹੀਂ ਜਦੋਂ ਸਲਮਾਨ ਖ਼ਾਨ ਨਾਲ ਜੁੜੇ ਕਿਸੇ ਵਿਅਕਤੀ ਜਾਂ ਸੰਪਤੀ ਨੂੰ ਵਿਦੇਸ਼ ‘ਚ ਨਿਸ਼ਾਨਾ ਬਣਾਇਆ ਗਿਆ ਹੋਵੇ। ਪਹਿਲਾਂ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਵੈਨਕੂਵਰ ਸਥਿਤ ਘਰ ‘ਤੇ ਵੀ ਹਮਲਾ ਹੋਇਆ ਸੀ। ਇਹ ਹਮਲਾ ਉਸੇ ਸਮੇਂ ਹੋਇਆ ਜਦੋਂ ਢਿੱਲੋਂ ਨੇ ਆਪਣੇ ਮਿਊਜ਼ਿਕ ਵੀਡੀਓ ‘ਚ ਸਲਮਾਨ ਖ਼ਾਨ ਨੂੰ ਲਿਆ ਸੀ। ਉਸ ਤੋਂ ਬਾਅਦ, ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਢਿੱਲੋਂ ਨੂੰ ਵੀ ਧਮਕੀਆਂ ਮਿਲਣ ਦੀ ਖ਼ਬਰ ਆਈ ਸੀ।
ਲਾਰੈਂਸ ਬਿਸ਼ਨੋਈ ਗੈਂਗ ਸਲਮਾਨ ਖ਼ਾਨ ਨੂੰ ਲੰਬੇ ਸਮੇਂ ਤੋਂ ਨਿਸ਼ਾਨਾ ਬਣਾਉਂਦੀ ਆ ਰਹੀ ਹੈ, ਜਿਸ ਦਾ ਮੁੱਖ ਕਾਰਨ 1998 ਦੀ ਕਾਲੇ ਹਿਰਣ ਸ਼ਿਕਾਰ ਮਾਮਲਾ ਹੈ। ਬਿਸ਼ਨੋਈ ਸਮੁਦਾਇ ਕਾਲੇ ਹਿਰਣ ਨੂੰ ਪਵਿੱਤਰ ਮੰਨਦਾ ਹੈ ਅਤੇ ਸਲਮਾਨ ਖ਼ਾਨ ਦੇ ਇਸ ਮਾਮਲੇ ਵਿੱਚ ਸ਼ਾਮਲ ਹੋਣ ਉੱਤੇ ਭਾਰੀ ਰੋਸ ਪ੍ਰਗਟ ਕਰਦਾ ਆ ਰਿਹਾ ਹੈ। 2023 ਵਿੱਚ ਵੀ ਗੈਂਗ ਵੱਲੋਂ ਸਲਮਾਨ ਖ਼ਾਨ ਨੂੰ ਕਈ ਵਾਰ ਮੌਤ ਦੀ ਧਮਕੀ ਦਿੱਤੀ ਗਈ ਸੀ, ਜਿਸ ‘ਚ ਉਨ੍ਹਾਂ ਦੇ ਬਾਂਦਰਾ ਵਾਲ਼ੇ ਘਰ ਸਾਹਮਣੇ ਗੋਲੀਆਂ ਚਲਾਉਣ ਦੀ ਘਟਨਾ ਵੀ ਸ਼ਾਮਲ ਸੀ।