ਪੰਚਕੂਲਾ :- ਪੰਚਕੂਲਾ ਬੈਰੀਅਰ ਦੇ ਨੇੜੇ ਸਥਿਤ ਔਰਾ ਗਾਰਡਨ ਬੈਂਕੁਇਟ ਹਾਲ ਵਿੱਚ ਐਤਵਾਰ ਰਾਤ ਖੁਸ਼ੀਆਂ ਦਾ ਮੌਕਾ ਅਫਰਾਤਫਰੀ ਵਿੱਚ ਬਦਲ ਗਿਆ, ਜਦੋਂ ਵਿਆਹ ਸਮਾਗਮ ਦੌਰਾਨ ਅਚਾਨਕ ਅੱਗ ਲੱਗ ਗਈ। ਰਿਪੋਰਟਾਂ ਅਨੁਸਾਰ, ਧੂੰਆ ਸਭ ਤੋਂ ਪਹਿਲਾਂ ਰਸੋਈ ਇਲਾਕੇ ਤੋਂ ਨਿਕਲਦਾ ਵੇਖਿਆ ਗਿਆ, ਜੋ ਕੁਝ ਮਿੰਟਾਂ ਵਿੱਚ ਹੀ ਪੂਰੇ ਹਾਲ ਦੀ ਸਜਾਵਟ ਤੱਕ ਫੈਲ ਗਿਆ।
ਧੂੰਏਂ ਨਾਲ ਮਚੀ ਭਗਦੜ, ਲਾੜਾ–ਲਾੜੀ ਸਮੇਤ ਸਭ ਨੂੰ ਬਾਹਰ ਕੱਢਿਆ ਗਿਆ
ਵਿਆਹ ਚੱਲ ਰਿਹਾ ਸੀ, ਲੋਕ ਖਾਣੇ ਤੇ ਨਾਚ-ਗਾਣੇ ਦਾ ਆਨੰਦ ਲੈ ਰਹੇ ਸਨ ਕਿ ਅਚਾਨਕ ਹਾਲ ਵਿੱਚ ਧੂੰਆ ਫੈਲਣ ਲੱਗਾ। ਚਸ਼ਮਦੀਦਾਂ ਨੇ ਦੱਸਿਆ ਕਿ ਜਿਵੇਂ ਹੀ ਅੱਗ ਨੇ ਰਫ਼ਤਾਰ ਫੜੀ, ਲੋਕ ਆਪਣਾ ਸਮਾਨ ਛੱਡ ਕੇ ਬਾਹਰ ਦੌੜ ਪਏ। ਸਟਾਫ ਅਤੇ ਕੇਟਰਿੰਗ ਟੀਮ ਨੇ ਹੋਸ਼ਿਆਰੀ ਨਾਲ ਔਰਤਾਂ ਅਤੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਬਾਹਰ ਕੱਢਿਆ। ਲਾੜਾ ਅਤੇ ਲਾੜੀ ਨੂੰ ਵੀ ਜ਼ਲਦੀ ਉਨ੍ਹਾਂ ਦੀ ਕਾਰ ਵਿੱਚ ਬਿਠਾ ਕੇ ਸੁਰੱਖਿਅਤ ਥਾਂ ਭੇਜ ਦਿੱਤਾ ਗਿਆ।
ਕੁਝ ਮਿੰਟਾਂ ਵਿੱਚ ਲੱਗੀ ਅੱਗ ਬੇਕਾਬੂ ਹੋ ਗਈ
ਸਥਾਨਕ ਲੋਕਾਂ ਅਨੁਸਾਰ, ਸ਼ੁਰੂ ਵਿੱਚ ਇਹ ਇੱਕ ਛੋਟੀ ਅੱਗ ਜਾਪ ਰਹੀ ਸੀ, ਪਰ ਸਿਰਫ਼ 10 ਮਿੰਟਾਂ ਵਿੱਚ ਇਹ ਪੂਰੇ ਸਜਾਵਟ ਵਾਲੇ ਹਿੱਸੇ ਵਿੱਚ ਫੈਲ ਗਈ। ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਨੇੜੇ ਮੌਜੂਦ ਪਟਾਕਿਆਂ ਦੀ ਦੁਕਾਨ ਤੋਂ ਵੀ ਚਿੰਗਾਰੀ ਉੱਡੀ ਹੋ ਸਕਦੀ ਹੈ, ਪਰ ਅਧਿਕਾਰਤ ਤੌਰ ‘ਤੇ ਇਸਦੀ ਪੁਸ਼ਟੀ ਨਹੀਂ ਹੋਈ।
ਫਾਇਰ ਬ੍ਰਿਗੇਡ ਨੇ ਤਿੰਨ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ
ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਜ਼ੀਰਕਪੁਰ ਤੇ ਪੰਚਕੂਲਾ ਪੁਲਸ ਦੇ ਨਾਲ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਪਹਿਲਾਂ ਦੋ ਗੱਡੀਆਂ ਨਾਲ ਸ਼ੁਰੂ ਹੋਇਆ ਬਚਾਅ ਕਾਰਜ ਜਦੋਂ ਅੱਗ ਬੇਕਾਬੂ ਹੋਈ ਤਾਂ ਡੇਰਾਬੱਸੀ ਤੇ ਪੰਚਕੂਲਾ ਤੋਂ ਹੋਰ ਚਾਰ ਗੱਡੀਆਂ ਬੁਲਾਈਆਂ ਗਈਆਂ। ਕੁੱਲ ਛੇ ਫਾਇਰ ਇੰਜਣਾਂ ਨੇ ਮਿਲ ਕੇ ਤਿੰਨ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।
ਲੱਖਾਂ ਦਾ ਨੁਕਸਾਨ, ਪਰ ਜਾਨੀ ਹਾਨੀ ਤੋਂ ਬਚਾਅ
ਫਾਇਰ ਅਫਸਰਾਂ ਨੇ ਦੱਸਿਆ ਕਿ ਰਸੋਈ, ਸਟੇਜ ਅਤੇ ਬਿਜਲੀ ਸਿਸਟਮ ਪੂਰੀ ਤਰ੍ਹਾਂ ਸੜ ਗਿਆ ਹੈ। ਪ੍ਰਾਰੰਭਿਕ ਅੰਦਾਜ਼ੇ ਅਨੁਸਾਰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਖੁਸ਼ਕਿਸਮਤੀ ਨਾਲ ਕਿਸੇ ਦੀ ਜਾਨ ਨਹੀਂ ਗਈ ਅਤੇ ਨਾ ਹੀ ਕੋਈ ਗੰਭੀਰ ਤੌਰ ‘ਤੇ ਜ਼ਖ਼ਮੀ ਹੋਇਆ।

