ਜੈਪੁਰ :- ਜੈਪੁਰ ਦੇ ਸਵਾਈ ਮਾਨ ਸਿੰਘ (ਐਸਐਮਐਸ) ਹਸਪਤਾਲ ਦੇ ਟਰਾਮਾ ਸੈਂਟਰ ਦੇ ਆਈਸੀਯੂ ਵਾਰਡ ਵਿੱਚ ਅੱਗ ਲੱਗਣ ਨਾਲ 8 ਮਰੀਜ਼ਾਂ ਦੀ ਜਾਨ ਚਲੀ ਗਈ। ਮ੍ਰਿਤਕਾਂ ਵਿੱਚ ਦੋ ਔਰਤਾਂ ਅਤੇ ਚਾਰ ਪੁਰਸ਼ ਸ਼ਾਮਲ ਹਨ।
ਹਸਪਤਾਲ ਪ੍ਰਬੰਧਨ ਅਨੁਸਾਰ, ਸ਼ਾਰਟ ਸਰਕਟ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਜ਼ਹਿਰੀਲਾ ਧੂੰਆਂ ਨਿਕਲਣ ਨਾਲ ਹਾਲਤ ਹੋਰ ਗੰਭੀਰ ਹੋ ਗਈ।
ਆਈਸੀਯੂ ਵਿੱਚ 24 ਮਰੀਜ਼ ਦਾਖਲ ਸਨ
ਐਸਐਮਐਸ ਹਸਪਤਾਲ ਦੇ ਟਰਾਮਾ ਸੈਂਟਰ ਇੰਚਾਰਜ ਡਾ. ਅਨੁਰਾਗ ਧਾਕੜ ਨੇ ਦੱਸਿਆ ਕਿ ਟਰਾਮਾ ਸੈਂਟਰ ਦੀ ਦੂਜੀ ਮੰਜ਼ਿਲ ‘ਤੇ ਦੋ ਆਈਸੀਯੂ ਵਾਰਡ ਹਨ – ਇੱਕ ਟਰਾਮਾ ਆਈਸੀਯੂ ਤੇ ਦੂਜਾ ਸੈਮੀ ਆਈਸੀਯੂ।
ਘਟਨਾ ਸਮੇਂ ਇੱਥੇ ਕੁੱਲ 24 ਮਰੀਜ਼ ਦਾਖਲ ਸਨ, ਜਿਨ੍ਹਾਂ ਵਿੱਚੋਂ 11 ਟਰਾਮਾ ਆਈਸੀਯੂ ਅਤੇ 13 ਸੈਮੀ ਆਈਸੀਯੂ ਵਿੱਚ ਸਨ।
ਡਾ. ਧਾਕੜ ਮੁਤਾਬਕ, “ਟਰਾਮਾ ਆਈਸੀਯੂ ਵਿੱਚ ਸ਼ਾਰਟ ਸਰਕਟ ਹੋਇਆ, ਜਿਸ ਕਾਰਨ ਅੱਗ ਲੱਗ ਗਈ ਤੇ ਜ਼ਹਿਰੀਲਾ ਧੂੰਆਂ ਤੇਜ਼ੀ ਨਾਲ ਫੈਲ ਗਿਆ।”
ਸਟਾਫ ਨੇ ਬਚਾਉਣ ਲਈ ਕੀਤੀ ਜੱਦੋਜਹਿਦ
ਹਸਪਤਾਲ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜ਼ਿਆਦਾਤਰ ਮਰੀਜ਼ ਗੰਭੀਰ ਤੇ ਬੇਹੋਸ਼ ਹਾਲਤ ਵਿੱਚ ਸਨ। “ਸਾਡੀ ਟੀਮ ਨੇ ਤੁਰੰਤ ਟਰਾਲੀਆਂ ‘ਤੇ ਮਰੀਜ਼ਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਹੋਰ ਵਾਰਡਾਂ ਵਿੱਚ ਸ਼ਿਫ਼ਟ ਕੀਤਾ। ਛੇ ਮਰੀਜ਼ਾਂ ਦੀ ਹਾਲਤ ਬਹੁਤ ਨਾਜ਼ੁਕ ਸੀ। ਅਸੀਂ ਸੀਪੀਆਰ ਦੇ ਜ਼ਰੀਏ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ,” ਅਧਿਕਾਰੀ ਨੇ ਦੱਸਿਆ।
ਪਰਿਵਾਰਕ ਮੈਂਬਰਾਂ ਦਾ ਦਰਦ
ਘਟਨਾ ਵਿੱਚ ਆਪਣੇ ਪਰਿਵਾਰਕ ਮੈਂਬਰ ਨੂੰ ਗੁਆਉਣ ਵਾਲੇ ਇੱਕ ਵਿਅਕਤੀ ਨੇ ਰੋਸ ਜਤਾਇਆ ਕਿ “ਆਈਸੀਯੂ ਵਿੱਚ ਅੱਗ ਬੁਝਾਉਣ ਲਈ ਕੋਈ ਢੰਗ ਦਾ ਉਪਕਰਣ ਮੌਜੂਦ ਨਹੀਂ ਸੀ। ਅੱਗ ਬੁਝਾਉਣ ਵਾਲੇ ਯੰਤਰ ਜਾਂ ਪਾਣੀ ਦੀ ਵੀ ਕਮੀ ਸੀ। ਇਹੀ ਕਾਰਨ ਮੇਰੀ ਮਾਂ ਦੀ ਜਾਨ ਚਲੀ ਗਈ।”
ਇੱਕ ਹੋਰ ਵਿਅਕਤੀ ਨੇ ਕਿਹਾ, “ਮੇਰਾ ਭਰਾ ਪਿੰਟੂ (25) ਟਰਾਮਾ ਆਈਸੀਯੂ ਵਿੱਚ ਦਾਖਲ ਸੀ ਅਤੇ ਉਹ ਠੀਕ ਸੀ। ਉਸਨੂੰ ਇਕ-ਦੋ ਦਿਨਾਂ ਵਿੱਚ ਛੁੱਟੀ ਮਿਲਣੀ ਸੀ। ਰਾਤ 11:20 ਵਜੇ ਧੂੰਆਂ ਨਿਕਲਣਾ ਸ਼ੁਰੂ ਹੋਇਆ। ਅਸੀਂ ਸਟਾਫ ਨੂੰ ਚੇਤਾਵਨੀ ਦਿੱਤੀ, ਪਰ ਧੂੰਆਂ ਵਧਦਾ ਗਿਆ ਤੇ ਆਖ਼ਿਰਕਾਰ ਇੰਨਾ ਭਾਰੀ ਹੋ ਗਿਆ ਕਿ ਮਰੀਜ਼ਾਂ ਨੂੰ ਬਾਹਰ ਕੱਢਣਾ ਮੁਸ਼ਕਿਲ ਹੋ ਗਿਆ। ਫਿਰ ਵੀ ਅਸੀਂ 4-5 ਮਰੀਜ਼ਾਂ ਨੂੰ ਬਚਾ ਲਿਆ, ਪਰ ਪਿੰਟੂ ਨੂੰ ਨਹੀਂ ਬਚਾ ਸਕੇ।”
ਜਾਂਚ ਦੇ ਆਦੇਸ਼, ਸਵਾਲਾਂ ‘ਤੇ ਚੁੱਪ ਪ੍ਰਬੰਧਨ
ਅੱਗ ਦੀ ਘਟਨਾ ਨੇ ਹਸਪਤਾਲ ਦੀ ਸੁਰੱਖਿਆ ਤੇ ਬੰਦੋਬਸਤ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇ ਹਸਪਤਾਲ ਵਿੱਚ ਆਗ ਬੁਝਾਉਣ ਦੇ ਸਾਜੋ-ਸਾਮਾਨ ਤੇ ਐਮਰਜੈਂਸੀ ਪ੍ਰਬੰਧ ਹੁੰਦੇ, ਤਾਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਸਨ।
ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਮਾਹੌਲ ਗਮਗੀਨ, ਲੋਕਾਂ ਵਿੱਚ ਗੁੱਸਾ
ਇਸ ਹਾਦਸੇ ਨਾਲ ਹਸਪਤਾਲ ‘ਚ ਦਹਿਸ਼ਤ ਦਾ ਮਾਹੌਲ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਵਿੱਚ ਰੋਹ-ਗੁੱਸਾ ਵਿਆਪਕ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਸਹਾਇਤਾ ਦੇਣ ਦੇ ਭਰੋਸੇ ਦਿੱਤੇ ਗਏ ਹਨ।