ਨਵੀਂ ਦਿੱਲੀ – ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਦੀ ਚੋਣ ਲਈ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਚੋਣ 9 ਸਤੰਬਰ ਨੂੰ ਹੋਣੀ ਨਿਰਧਾਰਤ ਕੀਤੀ ਗਈ ਹੈ। ਨੋਟੀਫਿਕੇਸ਼ਨ ਦੇ ਜਾਰੀ ਹੋਣ ਨਾਲ ਹੀ ਉਮੀਦਵਾਰਾਂ ਲਈ ਨਾਮਜ਼ਦਗੀ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਨਾਮਜ਼ਦਗੀ ਦੀਆਂ ਮਹੱਤਵਪੂਰਨ ਮਿਤੀਆਂ
ਜਾਰੀ ਨੋਟੀਫਿਕੇਸ਼ਨ ਮੁਤਾਬਕ ਉਮੀਦਵਾਰ 21 ਅਗਸਤ ਤੱਕ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਸਕਦੇ ਹਨ। ਦਸਤਾਵੇਜ਼ਾਂ ਦੀ ਜਾਂਚ 22 ਅਗਸਤ ਨੂੰ ਹੋਏਗੀ ਅਤੇ 25 ਅਗਸਤ ਤੱਕ ਉਮੀਦਵਾਰ ਆਪਣੀ ਉਮੀਦਵਾਰੀ ਵਾਪਸ ਲੈ ਸਕਦੇ ਹਨ।
ਅਹੁਦਾ ਖਾਲੀ ਹੋਣ ਦੇ ਕਾਰਨ
ਯਾਦ ਰਹੇ ਕਿ ਮੌਜੂਦਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਤੰਦਰੁਸਤੀ ਸੰਬੰਧੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣਾ ਅਹੁਦਾ 21 ਜੁਲਾਈ ਨੂੰ ਛੱਡ ਦਿੱਤਾ ਸੀ। ਉਨ੍ਹਾਂ ਦਾ ਮਿਆਦ ਅਗਸਤ 2027 ਤੱਕ ਸੀ, ਪਰ ਅਸਤੀਫੇ ਤੋਂ ਬਾਅਦ ਇਹ ਅਹੁਦਾ ਮੱਧ-ਕਾਰਜਕਾਲ ਵਿਚ ਖਾਲੀ ਹੋ ਗਿਆ।
ਨਵਾਂ ਉਪ ਰਾਸ਼ਟਰਪਤੀ ਪੂਰਾ ਕਾਰਜਕਾਲ ਨਿਭਾਏਗਾ
ਸੰਵਿਧਾਨ ਅਨੁਸਾਰ, ਜੇਕਰ ਉਪ ਰਾਸ਼ਟਰਪਤੀ ਦੀ ਚੋਣ ਕਾਰਜਕਾਲ ਦੌਰਾਨ ਕਰਵਾਈ ਜਾਂਦੀ ਹੈ, ਤਾਂ ਚੁਣਿਆ ਗਿਆ ਵਿਅਕਤੀ ਪੂਰੇ ਪੰਜ ਸਾਲ ਲਈ ਇਹ ਅਹੁਦਾ ਸੰਭਾਲੇਗਾ, ਭਾਵੇਂ ਪਹਿਲਾਂ ਦੇ ਅਹੁਦੇਦਾਰ ਦੀ ਮਿਆਦ ਅਧੂਰੀ ਰਹਿ ਗਈ ਹੋਵੇ।