ਨਵੀਂ ਦਿੱਲੀ :- ਮਿਆਂਮਾਰ ਵਿੱਚ ਮੰਗਲਵਾਰ ਸਵੇਰੇ ਆਏ ਭੂਚਾਲ ਨੇ ਸਰਹੱਦ ਪਾਰ ਉੱਤਰੀ-ਪੂਰਬੀ ਭਾਰਤ ਨੂੰ ਵੀ ਝਟਕਿਆਂ ਨਾਲ ਹਿਲਾ ਦਿੱਤਾ। ਮਨੀਪੁਰ, ਨਾਗਾਲੈਂਡ ਅਤੇ ਅਸਾਮ ਸਮੇਤ ਕਈ ਰਾਜਾਂ ਵਿੱਚ ਸਵੇਰੇ ਲੋਕਾਂ ਨੇ ਜਮੀਨ ਹਿੱਲਦੀ ਮਹਿਸੂਸ ਕੀਤੀ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.7 ਦਰਜ ਕੀਤੀ ਗਈ।
ਉਖਰੁਲ ਨੇੜੇ ਕੇਂਦਰ, 15 ਕਿਲੋਮੀਟਰ ਡੂੰਘਾਈ
NCS ਦੇ ਮੁਤਾਬਿਕ, ਭੂਚਾਲ ਮਨੀਪੁਰ ਦੇ ਉਖਰੁਲ ਜ਼ਿਲ੍ਹੇ ਤੋਂ ਤਕਰੀਬਨ 27 ਕਿਲੋਮੀਟਰ ਦੱਖਣ-ਪੂਰਬ ਵਿੱਚ, ਮਿਆਂਮਾਰ ਦੀ ਭਾਰਤੀ ਸਰਹੱਦ ਦੇ ਬਹੁਤ ਨੇੜੇ ਆਇਆ। ਧਰਤੀ ਕੰਬਣ ਦਾ ਇਹ ਝਟਕਾ ਸਵੇਰੇ 6:10 ਵਜੇ ਦਰਜ ਹੋਇਆ। ਭੂਚਾਲ ਦੀ ਡੂੰਘਾਈ 15 ਕਿਲੋਮੀਟਰ ਰਹੀ, ਜਦਕਿ ਸਥਾਨ ਦੇ ਨਿਰਦੇਸ਼ਾਂਕ 24.73 ਉੱਤਰ ਅਕਸ਼ਾਂਸ਼ ਅਤੇ 94.63 ਪੂਰਬ ਲੰਬਕਾਰ ਰਿਕਾਰਡ ਕੀਤੇ ਗਏ।
ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ
ਫ਼ਿਲਹਾਲ ਕਿਸੇ ਵੱਡੇ ਨੁਕਸਾਨ ਜਾਂ ਹਾਨੀ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ। ਪ੍ਰਸ਼ਾਸਨ ਨੇ ਰਾਹਤ ਤੇ ਬਚਾਅ ਏਜੰਸੀਆਂ ਨੂੰ ਸਚੇਤ ਰੱਖਿਆ ਹੈ ਅਤੇ ਸਥਿਤੀ ‘ਤੇ ਨਿਗਰਾਨੀ ਜਾਰੀ ਹੈ।
ਤਿੰਨ ਦਿਨ ਪਹਿਲਾਂ ਬੰਗਲਾਦੇਸ਼ ‘ਚ ਵੀ ਧਰਤੀ ਕੰਬੀ
ਇਹ ਭੂਚਾਲ ਬੰਗਲਾਦੇਸ਼ ਵਿੱਚ ਸ਼ਨੀਵਾਰ, 27 ਸਤੰਬਰ ਨੂੰ ਆਏ 3.5 ਤੀਬਰਤਾ ਵਾਲੇ ਭੂਚਾਲ ਤੋਂ ਕੇਵਲ ਤਿੰਨ ਦਿਨ ਬਾਅਦ ਆਇਆ ਹੈ। ਉਹ ਭੂਚਾਲ 10 ਕਿਲੋਮੀਟਰ ਡੂੰਘਾ ਸੀ ਅਤੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੋਂ ਤਕਰੀਬਨ 89 ਕਿਲੋਮੀਟਰ ਪੂਰਬ-ਉੱਤਰ-ਪੂਰਬ ਵਿੱਚ ਦਰਜ ਕੀਤਾ ਗਿਆ ਸੀ। ਉਸ ਵੇਲੇ ਵੀ ਸਰਹੱਦੀ ਇਲਾਕਿਆਂ ਵਿੱਚ ਹਲਕੇ ਝਟਕੇ ਮਹਿਸੂਸ ਕੀਤੇ ਗਏ ਸਨ।
30 ਸਤੰਬਰ ਦੀ ਤਾਰੀਖ ਨਾਲ ਜੁੜੀ ਪੁਰਾਣੀ ਤ੍ਰਾਸਦੀ
ਯਾਦ ਰਹੇ ਕਿ 30 ਸਤੰਬਰ ਦੀ ਤਾਰੀਖ ਭਾਰਤ ਲਈ ਭੂਚਾਲੀ ਸਨਕਟ ਦੀ ਯਾਦਾਂ ਜਗਾਉਂਦੀ ਹੈ। 1993 ਵਿੱਚ ਇਸੇ ਦਿਨ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਵਿੱਚ ਆਏ ਭਿਆਨਕ ਭੂਚਾਲ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਸੀ। ਉਸੇ ਦਿਨ ਜੋਧਪੁਰ ਦੇ ਇੱਕ ਮੰਦਰ ਵਿੱਚ ਭਗਦੜ ਦੌਰਾਨ ਸੈਂਕੜੇ ਸ਼ਰਧਾਲੂਆਂ ਦੀ ਵੀ ਮੌਤ ਹੋ ਗਈ ਸੀ।
ਸੁਰੱਖਿਆ ਲਈ ਅਲਰਟ
ਵਿਗਿਆਨਕ ਏਜੰਸੀਆਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਭੂਚਾਲ ਦੇ ਮਾਮਲਿਆਂ ਵਿੱਚ ਤੁਰੰਤ ਬਚਾਅ ਕਦਮ ਅਤੇ ਸੁਰੱਖਿਆ ਮਾਪਦੰਡ ਅਪਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ।