ਨਵੀਂ ਦਿੱਲੀ :- ਐਤਵਾਰ ਸਵੇਰੇ ਭਾਰਤ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਮੁਤਾਬਕ, ਲੱਦਾਖ ਦੇ ਲੇਹ ਵਿੱਚ ਸਵੇਰੇ 08:24 ਵਜੇ ਧਰਤੀ ਹਿੱਲੀ। ਇਸਦੀ ਤੀਬਰਤਾ ਰਿਕਟਰ ਪੈਮਾਨੇ ’ਤੇ 3.7 ਦਰਜ ਕੀਤੀ ਗਈ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਝਟਕਿਆਂ ਨਾਲ ਲੋਕਾਂ ਵਿੱਚ ਦਹਿਸ਼ਤ ਪੈਦਾ ਹੋ ਗਈ, ਪਰ ਖੁਸ਼ਕਿਸਮਤੀ ਨਾਲ ਹੁਣ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ।
ਕਿਵੇਂ ਆਉਂਦਾ ਹੈ ਭੂਚਾਲ?
ਭੂਚਾਲ ਧਰਤੀ ਦੇ ਅੰਦਰਲੇ ਭੂਗੋਲਿਕ ਪ੍ਰਕਿਰਿਆਵਾਂ ਦਾ ਨਤੀਜਾ ਹੁੰਦਾ ਹੈ। ਵਿਗਿਆਨੀਆਂ ਅਨੁਸਾਰ, ਧਰਤੀ ਦੇ ਅੰਦਰ ਸੱਤ ਵੱਡੀਆਂ ਪਲੇਟਾਂ ਹਨ ਜੋ ਲਗਾਤਾਰ ਹਿਲਦੀਆਂ ਤੇ ਖਿਸਕਦੀਆਂ ਰਹਿੰਦੀਆਂ ਹਨ। ਜਦੋਂ ਇਹ ਪਲੇਟਾਂ ਆਪਸ ਵਿੱਚ ਟਕਰਾਉਂਦੀਆਂ ਹਨ ਜਾਂ ਕਿਸੇ ਖਾਸ ਬਿੰਦੂ ’ਤੇ ਘਿਸਣ ਲੱਗਦੀਆਂ ਹਨ, ਤਾਂ ਫਾਲਟ ਲਾਈਨ ਜ਼ੋਨ ਬਣਦਾ ਹੈ। ਇਸ ਦੌਰਾਨ ਸਤ੍ਹਾ ਦੇ ਹਿੱਸੇ ਮੁੜ ਜਾਂਦੇ ਹਨ ਅਤੇ ਉੱਥੇ ਭਾਰੀ ਦਬਾਅ ਇਕੱਠਾ ਹੋਣ ਲੱਗਦਾ ਹੈ। ਜਦੋਂ ਇਹ ਦਬਾਅ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ ਤਾਂ ਪਲੇਟਾਂ ਟੁੱਟਣ ਲੱਗਦੀਆਂ ਹਨ। ਉਸ ਸਮੇਂ ਅੰਦਰਲੀ ਊਰਜਾ ਬਾਹਰ ਨਿਕਲਦੀ ਹੈ, ਜੋ ਧਰਤੀ ਨੂੰ ਹਿਲਾਉਂਦੀ ਹੈ। ਇਹੀ ਪ੍ਰਕਿਰਿਆ ਭੂਚਾਲ ਦੇ ਰੂਪ ਵਿੱਚ ਮਹਿਸੂਸ ਹੁੰਦੀ ਹੈ।