ਚੰਡੀਗੜ੍ਹ :- ਅੰਤਰਰਾਸ਼ਟਰੀ ਐਮੀ ਅਵਾਰਡ 2025 ਦੀਆਂ ਨਾਮਜ਼ਦਗੀਆਂ ਦਾ ਐਲਾਨ ਹੋ ਗਿਆ ਹੈ ਅਤੇ ਇਸ ਵਾਰ ਪੰਜਾਬੀ ਸੰਗੀਤ ਅਤੇ ਫਿਲਮ ਉਦਯੋਗ ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ। ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਨੂੰ ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਤ ਨੈੱਟਫਲਿਕਸ ਫਿਲਮ ‘ਅਮਰ ਸਿੰਘ ਚਮਕੀਲਾ’ (Chamkila) ਲਈ ਸਰਵੋਤਮ ਅਦਾਕਾਰ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਫਿਲਮ 2024 ਵਿੱਚ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਸੀ, ਜਿਸ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਪਰਿਣੀਤੀ ਚੋਪੜਾ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਈ ਸੀ। ਫਿਲਮ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ, ਉਤਾਰ-ਚੜ੍ਹਾਵਾਂ ਅਤੇ ਦੁਖਦਾਈ ਮੌਤ ਦੀ ਕਹਾਣੀ ਨੂੰ ਦਰਸਾਉਂਦੀ ਹੈ। ਏ.ਆਰ. ਰਹਿਮਾਨ ਨੇ ਫਿਲਮ ਲਈ ਸੰਗੀਤ ਤਿਆਰ ਕੀਤਾ ਸੀ।
ਦਿਲਜੀਤ ਦਾ ਪ੍ਰਸ਼ੰਸਕਾਂ ਨੂੰ ਧੰਨਵਾਦ
ਦਿਲਜੀਤ ਦੋਸਾਂਝ ਨੇ ਐਮੀ ਨਾਮਜ਼ਦਗੀ ਦੀ ਖ਼ਬਰ ਆਪਣੇ ਇੰਸਟਾਗ੍ਰਾਮ ਸਟੋਰੀ ਰਾਹੀਂ ਸਾਂਝੀ ਕੀਤੀ। ਉਨ੍ਹਾਂ ਲਿਖਿਆ, “ਇਹ ਸਭ ਤੁਹਾਡੇ ਕਾਰਨ ਹੈ, ਇਮਤਿਆਜ਼ ਸਰ।”
ਜਾਣਕਾਰੀ ਅਨੁਸਾਰ, 53ਵੇਂ ਅੰਤਰਰਾਸ਼ਟਰੀ ਐਮੀ ਅਵਾਰਡ ਦੇ ਜੇਤੂਆਂ ਦਾ ਐਲਾਨ 24 ਨਵੰਬਰ ਨੂੰ ਨਿਊਯਾਰਕ ਵਿੱਚ ਕੀਤਾ ਜਾਵੇਗਾ।
ਟੀਵੀ ਫਿਲਮ ਸ਼੍ਰੇਣੀ ਵਿੱਚ ‘ਚਮਕੀਲਾ’ ਨੂੰ ਵੀ ਸਥਾਨ
ਭਾਰਤ ਲਈ ਇਹ ਦੋਹਰਾ ਮਾਣ ਹੈ ਕਿਉਂਕਿ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਟੀਵੀ ਫਿਲਮ ਸ਼੍ਰੇਣੀ ਵਿੱਚ ਵੀ ਨਾਮਜ਼ਦਗੀ ਮਿਲੀ ਹੈ। ਇਸ ਤਰ੍ਹਾਂ ਦਿਲਜੀਤ ਦੋਸਾਂਝ ਅਤੇ ਪੂਰੀ ਟੀਮ ਲਈ ਇਹ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ।
ਅਮਰ ਸਿੰਘ ਚਮਕੀਲਾ ਕੌਣ ਸੀ?
ਅਮਰ ਸਿੰਘ ਚਮਕੀਲਾ ਦਾ ਜਨਮ 21 ਜੁਲਾਈ 1960 ਨੂੰ ਹੋਇਆ ਸੀ। ਬਚਪਨ ਤੋਂ ਹੀ ਉਨ੍ਹਾਂ ਨੂੰ ਗਾਉਣ ਦਾ ਸ਼ੌਕ ਸੀ। ਉਹ ਪਹਿਲਾਂ ਟੈਕਸਟਾਈਲ ਮਿੱਲ ਵਿੱਚ ਕੰਮ ਕਰਦੇ ਸਨ ਅਤੇ ਇਸ ਦੌਰਾਨ ਗੀਤ ਲਿਖਦੇ ਰਹਿੰਦੇ ਸਨ।
1980 ਵਿੱਚ ਗਾਏ ਆਪਣੇ ਮਸ਼ਹੂਰ ਗੀਤ ‘ਤਕੂਆ ਤੇ ਤਕੂਆ’ ਨਾਲ ਉਨ੍ਹਾਂ ਨੇ ਸ਼ੋਹਰਤ ਪ੍ਰਾਪਤ ਕੀਤੀ ਅਤੇ ਪੰਜਾਬੀ ਸੰਗੀਤ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ। ਚਮਕੀਲਾ ਦੀ ਜ਼ਿੰਦਗੀ, ਸੰਗੀਤਕ ਯਾਤਰਾ ਅਤੇ ਉਨ੍ਹਾਂ ਦੀ ਅਕਾਲ ਮੌਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਦਰਦ ਛੱਡ ਜਾਂਦੀ ਹੈ।