ਹਿਮਾਚਲ ਪ੍ਰਦੇਸ਼ :- ਧਰਮਸ਼ਾਲਾ ਸਥਿਤ ਕਾਲਜ ਦੀ ਇਕ ਵਿਦਿਆਰਥਣ ਦੀ ਮੌਤ ਨਾਲ ਜੁੜੇ ਮਾਮਲੇ ਨੇ ਰਾਜ ਪੱਧਰ ’ਤੇ ਹਲਚਲ ਮਚਾ ਦਿੱਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਕੂ ਨੇ ਤੁਰੰਤ ਦਖ਼ਲ ਦਿੰਦਿਆਂ ਦੋਸ਼ਾਂ ’ਚ ਘਿਰੇ ਅਸਿਸਟੈਂਟ ਪ੍ਰੋਫੈਸਰ ਖ਼ਿਲਾਫ਼ ਕੜੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਦੇ ਨਿਰਦੇਸ਼ਾਂ ਮਗਰੋਂ ਉੱਚ ਸਿੱਖਿਆ ਵਿਭਾਗ ਵੱਲੋਂ ਸੰਬੰਧਿਤ ਪ੍ਰੋਫੈਸਰ ਨੂੰ ਤੁਰੰਤ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ।
ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ
ਉੱਚ ਸਿੱਖਿਆ ਨਿਰਦੇਸ਼ਕ ਡਾ. ਅਮਰਜੀਤ ਸ਼ਰਮਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਸ ਮਾਮਲੇ ਦੀ ਪੂਰੀ ਅਤੇ ਨਿਰਪੱਖ ਜਾਂਚ ਲਈ ਵਿਭਾਗੀ ਕਮੇਟੀ ਬਣਾਈ ਗਈ ਹੈ। ਕਮੇਟੀ ਵਿਦਿਆਰਥਣ ਨਾਲ ਕਥਿਤ ਤੰਗ ਪਰੇਸ਼ਾਨੀ, ਯੌਨ ਉਤਪੀੜਨ, ਰੈਗਿੰਗ ਅਤੇ ਜਾਤੀਸੂਚਕ ਟਿੱਪਣੀਆਂ ਸਮੇਤ ਹਰ ਪੱਖ ਦੀ ਗਹਿਰਾਈ ਨਾਲ ਜਾਂਚ ਕਰੇਗੀ। ਇਹ ਕਮੇਟੀ ਤਿੰਨ ਦਿਨਾਂ ਦੇ ਅੰਦਰ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ। ਕਮੇਟੀ ਦੀ ਅਗਵਾਈ ਐਡੀਸ਼ਨਲ ਡਾਇਰੈਕਟਰ ਕਾਲਜ ਡਾ. ਹਰੀਸ਼ ਕੁਮਾਰ ਕਰ ਰਹੇ ਹਨ।
ਸਸਪੈਂਸ਼ਨ ਦੌਰਾਨ ਸ਼ਿਮਲਾ ਹੋਵੇਗਾ ਹੈੱਡਕੁਆਰਟਰ
ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਸਿੱਖਿਆ ਸਕੱਤਰ ਨੇ ਜਿਓਗ੍ਰਾਫੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਨੂੰ ਮੁਅੱਤਲ ਕਰਨ ਦੇ ਅਧਿਕਾਰਕ ਹੁਕਮ ਜਾਰੀ ਕੀਤੇ। ਮੁਅੱਤਲੀ ਦੀ ਮਿਆਦ ਦੌਰਾਨ ਉਕਤ ਪ੍ਰੋਫੈਸਰ ਦਾ ਹੈੱਡਕੁਆਰਟਰ ਸ਼ਿਮਲਾ ਸਥਿਤ ਸਿੱਖਿਆ ਨਿਰਦੇਸ਼ਾਲੇ ਵਿੱਚ ਨਿਰਧਾਰਤ ਕੀਤਾ ਗਿਆ ਹੈ। ਦੂਜੇ ਪਾਸੇ, ਦੋਸ਼ੀ ਪ੍ਰੋਫੈਸਰ ਵੱਲੋਂ ਜ਼ਿਲ੍ਹਾ ਅਦਾਲਤ ਤੋਂ 12 ਜਨਵਰੀ ਤੱਕ ਅੰਤਰਿਮ ਜ਼ਮਾਨਤ ਵੀ ਲੈ ਲਈ ਗਈ ਹੈ, ਜਿਸ ਦੌਰਾਨ ਅਦਾਲਤ ਨੇ ਜਾਂਚ ਵਿੱਚ ਪੂਰਾ ਸਹਿਯੋਗ ਕਰਨ ਦੀ ਸ਼ਰਤ ਰੱਖੀ ਹੈ।
ਪੁਲਿਸ ਜਾਂਚ, ਲੁਧਿਆਣਾ ਤੋਂ ਦਸਤਾਵੇਜ਼ ਜ਼ਬਤ
ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਪੁਲਿਸ ਟੀਮ ਸ਼ਨੀਵਾਰ ਨੂੰ ਡੀਐਮਸੀ ਲੁਧਿਆਣਾ ਵੀ ਪਹੁੰਚੀ। ਇੱਥੇ ਵਿਦਿਆਰਥਣ ਦੇ ਇਲਾਜ ਨਾਲ ਸਬੰਧਿਤ ਮੈਡੀਕਲ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਗਏ ਹਨ। ਨਾਲ ਹੀ ਹਸਪਤਾਲ ਦੇ ਮੈਡੀਕਲ ਸਟਾਫ਼ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਤੱਥ ਇਕੱਠੇ ਕਰਕੇ ਮਾਮਲੇ ਦੀ ਹਰ ਕੜੀ ਨੂੰ ਜੋੜਿਆ ਜਾ ਰਿਹਾ ਹੈ, ਤਾਂ ਜੋ ਸੱਚ ਪੂਰੀ ਤਰ੍ਹਾਂ ਸਾਹਮਣੇ ਆ ਸਕੇ।

