ਨਵੀਂ ਦਿੱਲੀ :- ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਇੱਕ ਜਹਾਜ਼ ਹਾਦਸੇ ਵਿੱਚ ਹੋਏ ਅਚਾਨਕ ਦਿਹਾਂਤ ਨੇ ਸਿਆਸੀ ਜਗਤ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਬੁੱਧਵਾਰ ਸਵੇਰੇ ਬਾਰਾਮਤੀ ਦੇ ਨੇੜੇ ਵਾਪਰੇ ਇਸ ਦਰਦਨਾਕ ਹਾਦਸੇ ਵਿੱਚ ਅਜੀਤ ਪਵਾਰ ਸਮੇਤ ਜਹਾਜ਼ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ।
ਰੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਜਤਾਇਆ ਅਫਸੋਸ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਆਪਣਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਅਜੀਤ ਪਵਾਰ ਦੇ ਬੇਵਕਤੀ ਦਿਹਾਂਤ ਦੀ ਖ਼ਬਰ ਸੁਣ ਕੇ ਉਹ ਬਹੁਤ ਆਹਤ ਹਨ। ਉਨ੍ਹਾਂ ਲਿਖਿਆ ਕਿ ਪਵਾਰ ਨੇ ਆਪਣੇ ਲੰਬੇ ਜਨਤਕ ਜੀਵਨ ਦੌਰਾਨ ਮਹਾਰਾਸ਼ਟਰ ਦੇ ਵਿਕਾਸ ਅਤੇ ਲੋਕ-ਭਲਾਈ ਲਈ ਸਮਰਪਿਤ ਹੋ ਕੇ ਸੇਵਾ ਨਿਭਾਈ।
ਜਨਸੇਵਾ ਲਈ ਸਮਰਪਿਤ ਰਹੀ ਪਵਾਰ ਦੀ ਸਿਆਸੀ ਯਾਤਰਾ
ਰਾਜਨਾਥ ਸਿੰਘ ਨੇ ਕਿਹਾ ਕਿ ਅਜੀਤ ਪਵਾਰ ਲੋਕਾਂ ਨਾਲ ਜੁੜੀ ਸੋਚ, ਹਮਦਰਦੀ ਅਤੇ ਪ੍ਰਸ਼ਾਸਕੀ ਤਜਰਬੇ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦਾ ਯੋਗਦਾਨ ਮਹਾਰਾਸ਼ਟਰ ਦੀ ਸਿਆਸਤ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨੇ ਪਵਾਰ ਪਰਿਵਾਰ, ਸਹਿਯੋਗੀਆਂ ਅਤੇ ਸਮਰਥਕਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ।
ਕ੍ਰੈਸ਼-ਲੈਂਡਿੰਗ ਦੌਰਾਨ ਜਹਾਜ਼ ਅੱਗ ਦੀ ਲਪਟਾਂ ’ਚ ਆਇਆ
ਜਾਣਕਾਰੀ ਮੁਤਾਬਕ ਅਜੀਤ ਪਵਾਰ ਇੱਕ ਚਾਰਟਰ ਜਹਾਜ਼ ਰਾਹੀਂ ਮੁੰਬਈ ਤੋਂ ਬਾਰਾਮਤੀ ਜਾ ਰਹੇ ਸਨ। ਸਵੇਰੇ ਕਰੀਬ 8 ਵੱਜ ਕੇ 45 ਮਿੰਟ ’ਤੇ ਜਦੋਂ ਜਹਾਜ਼ ਹਵਾਈ ਅੱਡੇ ਦੇ ਰਨਵੇ ਨੇੜੇ ਕ੍ਰੈਸ਼-ਲੈਂਡਿੰਗ ਕਰਨ ਲੱਗਾ ਤਾਂ ਅਚਾਨਕ ਸੰਤੁਲਨ ਬਿਗੜ ਗਿਆ ਅਤੇ ਜਹਾਜ਼ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ। ਇਸ ਹਾਦਸੇ ਵਿੱਚ ਪਵਾਰ ਤੋਂ ਇਲਾਵਾ ਉਨ੍ਹਾਂ ਦਾ ਨਿੱਜੀ ਸੁਰੱਖਿਆ ਕਰਮੀ ਅਤੇ ਚਾਲਕ ਦਲ ਦੇ ਦੋ ਮੈਂਬਰਾਂ ਦੀ ਵੀ ਮੌਤ ਹੋ ਗਈ।
ਹਾਦਸੇ ਦੀ ਜਾਂਚ ਸੰਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੇਸ਼ ਭਰ ਤੋਂ ਸਿਆਸੀ ਤੇ ਸਮਾਜਿਕ ਆਗੂਆਂ ਵੱਲੋਂ ਸ਼ੋਕ ਸੰਦੇਸ਼ ਆ ਰਹੇ ਹਨ।

