ਕੇਰਲ :- ਕੇਰਲ ਦੇ ਕੋਝੀਕੋਡ ਜ਼ਿਲ੍ਹੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਬ੍ਰੇਨ ਈਟਿੰਗ ਅਮੀਬਾ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਵੀਰਵਾਰ ਨੂੰ ਕੋਝੀਕੋਡ ਮੈਡੀਕਲ ਕਾਲਜ ਵਿੱਚ ਦਾਖ਼ਲ ਇੱਕ ਮਰੀਜ਼ ਦੀ ਮੌਤ ਤੋਂ ਬਾਅਦ ਇਸ ਰੋਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਛੇ ਹੋ ਗਈ ਹੈ।
ਮਲਪੁਰਮ ਦੇ ਰਹਿਣ ਵਾਲੇ 47 ਸਾਲਾ ਸ਼ਾਜੀ ਦੀ ਮੌਤ
ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਮਲਪੁਰਮ ਜ਼ਿਲ੍ਹੇ ਦੇ 47 ਸਾਲਾ ਸ਼ਾਜੀ ਨੂੰ 9 ਅਗਸਤ ਨੂੰ ਇਨਫੈਕਸ਼ਨ ਦੇ ਲੱਛਣਾਂ ਕਾਰਨ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਉਨ੍ਹਾਂ ਦੀ ਹਾਲਤ ਲਗਾਤਾਰ ਗੰਭੀਰ ਰਹੀ ਅਤੇ ਵੀਰਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਡਾਕਟਰਾਂ ਵੱਲੋਂ ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖ਼ਤਰਨਾਕ ਇਨਫੈਕਸ਼ਨ ਸ਼ਾਜੀ ਨੂੰ ਕਿਵੇਂ ਲੱਗਾ।
ਵਧ ਰਿਹਾ ਹੈ ਖ਼ਤਰਾ, ਸਾਵਧਾਨੀ ਦੀ ਅਪੀਲ
ਅਮੀਬਿਕ ਮੈਨਿੰਗੋਐਨਸੇਫਲਾਈਟਿਸ, ਜਿਸਨੂੰ ਆਮ ਤੌਰ ‘ਤੇ ਬ੍ਰੇਨ ਈਟਿੰਗ ਅਮੀਬਾ ਕਿਹਾ ਜਾਂਦਾ ਹੈ, ਬਹੁਤ ਹੀ ਦੁਲੱਭ ਪਰ ਘਾਤਕ ਬਿਮਾਰੀ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਨਦੀਆਂ, ਤਾਲਾਬਾਂ ਅਤੇ ਗੰਦੇ ਪਾਣੀ ਨਾਲ ਸੰਪਰਕ ਕਰਨ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।