ਮੁੰਬਈ :- ਭਾਰਤੀ ਕੋਸਟ ਗਾਰਡ ਨੇ ਸਮੁੰਦਰੀ ਸੁਰੱਖਿਆ ਦੇ ਖੇਤਰ ਵਿੱਚ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਅੰਤਰਰਾਸ਼ਟਰੀ ਪੱਧਰ ’ਤੇ ਸਰਗਰਮ ਤੇਲ ਤਸਕਰੀ ਗਿਰੋਹ ਨੂੰ ਬੇਨਕਾਬ ਕੀਤਾ ਹੈ। ਸ਼ਨੀਵਾਰ ਨੂੰ ਕੀਤੀ ਗਈ ਖ਼ੁਫ਼ੀਆ ਅਧਾਰਿਤ ਕਾਰਵਾਈ ਦੌਰਾਨ ਮੁੰਬਈ ਦੇ ਤਟ ਤੋਂ ਲਗਭਗ 100 ਸਮੁੰਦਰੀ ਮੀਲ ਦੂਰ ਪੱਛਮੀ ਹਿੱਸੇ ਵਿੱਚ ਤਿੰਨ ਸ਼ੱਕੀ ਜਹਾਜ਼ਾਂ ਨੂੰ ਘੇਰ ਕੇ ਕਾਬੂ ਕਰ ਲਿਆ ਗਿਆ।
ਵਿਦੇਸ਼ੀ ਟਕਰਾਅ ਪ੍ਰਭਾਵਿਤ ਖੇਤਰਾਂ ਤੋਂ ਤੇਲ ਦੀ ਗੈਰਕਾਨੂੰਨੀ ਸਪਲਾਈ
ਕੋਸਟ ਗਾਰਡ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਗਿਰੋਹ ਸੰਘਰਸ਼ ਪ੍ਰਭਾਵਿਤ ਦੇਸ਼ਾਂ ਤੋਂ ਘੱਟ ਕੀਮਤ ’ਤੇ ਤੇਲ ਅਤੇ ਤੇਲ-ਅਧਾਰਤ ਪਦਾਰਥ ਇਕੱਠੇ ਕਰਦਾ ਸੀ। ਅੰਤਰਰਾਸ਼ਟਰੀ ਪਾਣੀਆਂ ਵਿੱਚ ਖੜ੍ਹੇ ਮੋਟਰ ਟੈਂਕਰਾਂ ਦੀ ਵਰਤੋਂ ਕਰਕੇ ਸਮੁੰਦਰ ਦੇ ਵਿਚਕਾਰ ਹੀ ਤੇਲ ਦੀ ਅਦਲਾ-ਬਦਲੀ ਕੀਤੀ ਜਾਂਦੀ ਸੀ, ਜਿਸ ਰਾਹੀਂ ਵੱਡੇ ਪੱਧਰ ’ਤੇ ਗੈਰਕਾਨੂੰਨੀ ਲਾਭ ਕਮਾਇਆ ਜਾ ਰਿਹਾ ਸੀ।
ਡਿਜੀਟਲ ਨਿਗਰਾਨੀ ਨਾਲ ਹੋਇਆ ਪਰਦਾਫਾਸ਼
ਆਈਸੀਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਫਲਤਾ ਅਧੁਨਿਕ ਡਿਜੀਟਲ ਸਰਵੇਲੈਂਸ ਸਿਸਟਮ ਅਤੇ ਸਮੁੰਦਰੀ ਇਲਾਕਿਆਂ ਵਿੱਚ ਵਧਾਈ ਗਈ ਨਿਗਰਾਨੀ ਦਾ ਨਤੀਜਾ ਹੈ। ਇਸ ਕਾਰਵਾਈ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਰਤ ਸਮੁੰਦਰੀ ਸੁਰੱਖਿਆ ਦੇ ਮਾਮਲੇ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਮਜ਼ਬੂਤ ਸਥਿਤੀ ਰੱਖਦਾ ਹੈ।
ਪਛਾਣ ਬਦਲ ਕੇ ਕਾਨੂੰਨ ਨੂੰ ਦਿੰਦੇ ਰਹੇ ਚਕਮਾ
ਸ਼ੁਰੂਆਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਜਹਾਜ਼ ਅਕਸਰ ਆਪਣਾ ਨਾਂ, ਝੰਡਾ ਅਤੇ ਦਸਤਾਵੇਜ਼ ਬਦਲ ਕੇ ਕਾਨੂੰਨੀ ਏਜੰਸੀਆਂ ਨੂੰ ਭੁਲਾਵਾ ਦਿੰਦੇ ਰਹੇ ਹਨ। ਜਹਾਜ਼ਾਂ ਦੇ ਅਸਲੀ ਮਾਲਕ ਵਿਦੇਸ਼ਾਂ ਵਿੱਚ ਵਸਦੇ ਹਨ, ਜਦਕਿ ਇਸ ਗਿਰੋਹ ਦੀ ਸੂਤਰਧਾਰ ਵੱਖ-ਵੱਖ ਦੇਸ਼ਾਂ ਤੋਂ ਬੈਠ ਕੇ ਪੂਰੇ ਆਪਰੇਸ਼ਨ ਨੂੰ ਸੰਚਾਲਿਤ ਕਰ ਰਹੇ ਸਨ।
ਮੁੰਬਈ ਲਿਆ ਕੇ ਹੋਵੇਗੀ ਵਿਸਤ੍ਰਿਤ ਜਾਂਚ
ਕੋਸਟ ਗਾਰਡ ਨੇ ਦੱਸਿਆ ਕਿ ਕਾਬੂ ਕੀਤੇ ਗਏ ਤਿੰਨੋ ਜਹਾਜ਼ਾਂ ਨੂੰ ਅਗਲੇਰੀ ਜਾਂਚ ਲਈ ਮੁੰਬਈ ਲਿਆਂਦਾ ਜਾ ਰਿਹਾ ਹੈ। ਜਹਾਜ਼ਾਂ ਦੇ ਕਾਗਜ਼ਾਤ, ਕਾਰਗੋ ਅਤੇ ਚਾਲਕ ਦਲ ਤੋਂ ਪੁੱਛਗਿੱਛ ਉਪਰੰਤ ਮਾਮਲਾ ਭਾਰਤੀ ਕਸਟਮਜ਼ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਹਵਾਲੇ ਕੀਤਾ ਜਾਵੇਗਾ।

