ਸ਼ਿਮਲਾ :- ਬੁੱਧਵਾਰ ਰਾਤ ਦਸ ਵਜੇ ਦੇ ਕਰੀਬ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਵਿਚ ਬੱਦਲ ਫੱਟ ਗਏ, ਜਿਸ ਕਾਰਨ ਰਾਮਪੁਰ ਨੇੜੇ ਦਰਸ਼ਾਲ ਨਦੀ ‘ਚ ਅਚਾਨਕ ਬਾਹ ਆ ਗਿਆ ਇਸ ਹੜ੍ਹ ਨੇ ਟੇਕਲੇਚ ਬਜ਼ਾਰ ਖੇਤਰ ਵਿਚ ਦਹਿਸ਼ਤ ਫੈਲਾ ਦਿੱਤੀ, ਜਿੱਥੇ ਲੋਕਾਂ ਨੂੰ ਰਾਤ ਦੀ ਰਾਤ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰਨਾ ਪਿਆ। ਖੁਸ਼ਕਿਸਮਤੀ ਨਾਲ ਇਸ ਘਟਨਾ ਦੌਰਾਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
24 ਘੰਟਿਆਂ ਦੌਰਾਨ ਸਭ ਤੋਂ ਵੱਧ ਮੀਂਹ ਨੈਣਾ ਦੇਵੀ ‘ਚ
ਪਿਛਲੇ 24 ਘੰਟਿਆਂ ਵਿੱਚ ਨੈਣਾ ਦੇਵੀ ਵਿਚ ਸਭ ਤੋਂ ਵੱਧ 92.6 ਮਿ.ਮੀ. ਮੀਂਹ ਦਰਜ ਕੀਤਾ ਗਿਆ। ਇਸ ਤੋਂ ਬਾਅਦ ਰਾਇਪੁਰ ਮੈਦਾਨ (81.6 ਮਿ.ਮੀ.), ਪੱਛਾਡ (75.1 ਮਿ.ਮੀ.), ਕਾਂਗੜਾ (62.5 ਮਿ.ਮੀ.), ਧਰਮਸ਼ਾਲਾ (42.5 ਮਿ.ਮੀ.), ਨਾਦੌਣ (32.6 ਮਿ.ਮੀ.), ਕਸੌਲੀ (32.5 ਮਿ.ਮੀ.) ਅਤੇ ਨੰਗਲ ਡੈਮ (26.2 ਮਿ.ਮੀ.) ‘ਚ ਮੀਂਹ ਰਿਕਾਰਡ ਹੋਇਆ।
ਚੰਡੀਗੜ੍ਹ-ਮਨਾਲੀ ਫੋਰ-ਲੇਨ ਹਾਈਵੇ 36 ਘੰਟਿਆਂ ਤੋਂ ਵੱਧ ਸਮੇਂ ਤੋਂ ਬੰਦ
ਭਾਰੀ ਮੀਂਹ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਚੰਡੀਗੜ੍ਹ-ਮਨਾਲੀ ਫੋਰ ਲੇਨ ਹਾਈਵੇ 40 ਘੰਟਿਆਂ ਤੋਂ ਵੱਧ ਸਮੇਂ ਤੋਂ ਬੰਦ ਪਿਆ ਹੋਇਆ ਹੈ। ਡਵਾਰਾ ਤੋਂ ਬਾਅਦ ਝਲੋਗੀ ਨੇੜੇ ਵੱਡਾ ਭੁਸਖਲਨ ਹੋਇਆ, ਜਿਸ ਕਾਰਨ ਉੱਥੇ ਸਥਿਤ ਫਲਾਈਓਵਰ ਬਰਿਜ਼ ਨੂੰ ਨੁਕਸਾਨ ਪਹੁੰਚਿਆ ਤੇ ਹਾਈਵੇ ਰੁਕ ਗਿਆ। ਪਹਾੜਾਂ ਤੋਂ ਡਿੱਗੇ ਪੱਥਰ ਰਾਹ ਸਾਫ਼ ਕਰਨ ਵਿਚ ਰੁਕਾਵਟ ਪੈਦਾ ਕਰ ਰਹੇ ਹਨ।
ਸੈਂਕੜਿਆਂ ਵਾਹਨਾਂ ‘ਚ ਲੋਕ ਰੋਡ ਸਾਈਡ ‘ਤੇ ਫਸੇ ਹੋਏ ਹਨ ਜਿਨ੍ਹਾਂ ਕੋਲ ਨਾ ਰਿਹਾਇਸ਼ ਹੈ ਅਤੇ ਨਾ ਹੀ ਭੋਜਨ। ਇਨ੍ਹਾਂ ਲੋਕਾਂ ਦੀ ਮਦਦ ਲਈ ਸਥਾਨਕ ਨਿਵਾਸੀਆਂ ਨੇ ਪਰਸ਼ਾਸਨ ਦੀ ਮਦਦ ਨਾਲ ਲੰਗਰ ਲਾਏ ਹਨ।
ਸੁਤਲੁਜ ਚ ਵਧ ਰਹੇ ਸਤਰ, ਕੋਲ ਡੈਮ ਤੋਂ ਮੁੜ ਪਾਣੀ ਛੱਡਿਆ ਗਿਆ
ਪਹਾੜੀ ਇਲਾਕਿਆਂ ‘ਚ ਲਗਾਤਾਰ ਮੀਂਹ ਕਾਰਨ ਸੁਤਲੁਜ ਦਰਿਆ ਦਾ ਪਾਣੀ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਬਿਲਾਸਪੁਰ ਜ਼ਿਲ੍ਹੇ ਦੇ ਕੋਲ ਡੈਮ ਤੋਂ ਤੀਜੀ ਵਾਰ ਪਾਣੀ ਛੱਡਿਆ ਗਿਆ। ਵੀਰਵਾਰ ਸਵੇਰੇ 7:30 ਵਜੇ ਪਾਣੀ ਛੱਡਣ ਤੋਂ ਪਹਿਲਾਂ ਅਲਰਟ ਜਾਰੀ ਕੀਤਾ ਗਿਆ ਸੀ। ਪਰਸ਼ਾਸਨ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਦਰਿਆ ਦਾ ਪੱਧਰ 4 ਤੋਂ 5 ਮੀਟਰ ਤੱਕ ਵੱਧ ਸਕਦਾ ਹੈ। ਪੰਜਾਬ ਦੇ ਕੁਝ ਹਿੱਸਿਆਂ ‘ਚ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਬੁੱਧਵਾਰ ਨੂੰ ਦੋ ਵਾਰੀ—ਸਵੇਰੇ ਤੇ ਸ਼ਾਮ ਨੂੰ—ਪਾਣੀ ਛੱਡਿਆ ਗਿਆ ਸੀ।
ਸਿਰਮੌਰ ਤੇ ਸੋਲਨ ‘ਚ ਯੇਲੋ ਅਲਰਟ, ਹੋਰ ਜ਼ਿਲ੍ਹਿਆਂ ਵਿਚ ਵੀ ਅਗਲੇ ਦਿਨਾਂ ਚ ਮੀਂਹ ਦੀ ਚੇਤਾਵਨੀ
ਮੌਸਮ ਵਿਭਾਗ ਮੁਤਾਬਕ, ਅੱਜ ਤੋਂ ਮਾਨਸੂਨ ਕੁਝ ਕਮਜ਼ੋਰ ਹੋ ਸਕਦਾ ਹੈ ਪਰ ਅਗਲੇ 5 ਦਿਨ ਹਲਕਾ ਮੀਂਹ ਹੋਣ ਦੀ ਸੰਭਾਵਨਾ ਹੈ। ਸਿਰਮੌਰ ਅਤੇ ਸੋਲਨ ਜ਼ਿਲ੍ਹਿਆਂ ਲਈ ਅੱਜ ਯੇਲੋ ਅਲਰਟ ਜਾਰੀ ਕੀਤਾ ਗਿਆ ਹੈ।
ਸ਼ੁੱਕਰਵਾਰ ਨੂੰ ਇਹ ਅਲਰਟ ਕਾਂਗੜਾ, ਸ਼ਿਮਲਾ, ਸੋਲਨ ਅਤੇ ਸਿਰਮੌਰ ਤੱਕ ਵਧਾਇਆ ਜਾਵੇਗਾ। ਸ਼ਨਿੱਚਰਵਾਰ ਨੂੰ ਊਨਾ, ਬਿਲਾਸਪੁਰ, ਹਮਿਰਪੁਰ, ਕਾਂਗੜਾ ਅਤੇ ਮੰਡੀ ਵੀ ਯੇਲੋ ਅਲਰਟ ਹੇਠ ਹੋਣਗੇ।
ਮਾਨਸੂਨ ‘ਚ ਹਾਲੇ ਤੱਕ 199 ਮੌਤਾਂ, 1,905 ਕਰੋੜ ਰੁਪਏ ਦਾ ਨੁਕਸਾਨ
ਹਿਮਾਚਲ ਪ੍ਰਦੇਸ਼ ਨੇ ਇਸ ਮੌਸਮ ਵਿਚ ਵੱਡਾ ਨੁਕਸਾਨ ਸਹਿੰਦਾ ਪਿਆ ਹੈ। ਹੁਣ ਤੱਕ 199 ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਜਿਸ ‘ਚੋਂ 32 ਦੀ ਮੌਤ ਕਲੌਡਬਰਸਟ, ਫਲੈਸ਼ ਫਲੱਡ ਅਤੇ ਭਾਰੀ ਮੀਂਹ ਕਾਰਨ ਹੋਈ। 36 ਲੋਕ ਅਜੇ ਵੀ ਲਾਪਤਾ ਹਨ।
ਸਰਕਾਰੀ ਅੰਕੜਿਆਂ ਮੁਤਾਬਕ, ਲੋਕ ਅਤੇ ਸਰਕਾਰੀ ਸੰਪਤੀਆਂ ਨੂੰ ਲਗਭਗ 1,905 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਰਾਜ ਵਿਚ ਹੁਣ ਤੱਕ 51 ਭੁਸਖਲਨ, 58 ਫਲੈਸ਼ ਫਲੱਡ ਅਤੇ 28 ਕਲੌਡਬਰਸਟ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਇਸ ਦੌਰਾਨ 467 ਘਰ ਪੂਰੀ ਤਰ੍ਹਾਂ ਢਹਿ ਗਏ ਹਨ, 1,319 ਘਰ ਅੰਸ਼ਿਕ ਤੌਰ ‘ਤੇ ਨੁਕਸਾਨੇ ਗਏ ਹਨ ਅਤੇ 1,690 ਪਸ਼ੂ ਪੰਛੀਆਂ ਨੂੰ ਨੁਕਸਾਨ ਪਹੁੰਚਿਆ ਹੈ।