ਚੰਡੀਗੜ੍ਹ :- ਦੇਸ਼ ਭਰ ਵਿੱਚ ਕੁਝ ਅਹਿਮ ਮੰਗਾਂ ਨੂੰ ਲੈ ਕੇ ਕਈ ਕੇਂਦਰੀ ਟਰੇਡ ਯੂਨੀਅਨਾਂ ਅਤੇ ਕਿਸਾਨ ਸੰਗਠਨਾਂ ਨੇ 12 ਫਰਵਰੀ, ਵੀਰਵਾਰ ਨੂੰ ‘ਭਾਰਤ ਬੰਦ’ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਐਲਾਨ ਤੋਂ ਬਾਅਦ ਆਮ ਲੋਕਾਂ ਵਿੱਚ ਚਰਚਾ ਚਲ ਰਹੀ ਹੈ ਕਿ ਕੀ ਰੋਜ਼ਮਰਰਾ ਦੀਆਂ ਗਤੀਵਿਧੀਆਂ ਪ੍ਰਭਾਵਿਤ ਹੋਣਗੀਆਂ ਜਾਂ ਨਹੀਂ। ਦਫ਼ਤਰੀ ਕੰਮ, ਬੱਚਿਆਂ ਦੀ ਪੜ੍ਹਾਈ ਅਤੇ ਯਾਤਰਾ ਸੰਬੰਧੀ ਯੋਜਨਾਵਾਂ ਬਣਾਉਣ ਵਾਲੇ ਲੋਕ ਹਾਲਾਤਾਂ ‘ਤੇ ਨਜ਼ਰ ਬਣਾਈ ਹੋਈ ਹੈ।
ਸਿੱਖਿਆ ਸੰਸਥਾਵਾਂ ਬਾਰੇ ਫ਼ੈਸਲਾ ਸਥਾਨਕ ਪੱਧਰ ‘ਤੇ
ਸਕੂਲਾਂ ਅਤੇ ਕਾਲਜਾਂ ਨੂੰ ਬੰਦ ਕਰਨ ਜਾਂ ਖੁੱਲ੍ਹਾ ਰੱਖਣ ਸਬੰਧੀ ਅੰਤਿਮ ਫ਼ੈਸਲਾ ਸੰਬੰਧਿਤ ਰਾਜ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਕਰੇਗਾ। ਇਸ ਵੇਲੇ ਤੱਕ ਬਹੁਤੇ ਰਾਜਾਂ ਵਿੱਚ ਸਿੱਖਿਆ ਸੰਸਥਾਵਾਂ ਨੂੰ ਬੰਦ ਕਰਨ ਦਾ ਕੋਈ ਸਰਕਾਰੀ ਹੁਕਮ ਸਾਹਮਣੇ ਨਹੀਂ ਆਇਆ। ਹਾਲਾਂਕਿ ਜਿੱਥੇ ਪ੍ਰਦਰਸ਼ਨਾਂ ਦੀ ਸੰਭਾਵਨਾ ਵੱਧ ਹੈ, ਉੱਥੇ ਸੁਰੱਖਿਆ ਦੇ ਮੱਦੇਨਜ਼ਰ ਕੁਝ ਨਿੱਜੀ ਸਕੂਲ ਛੁੱਟੀ ਦਾ ਐਲਾਨ ਕਰ ਸਕਦੇ ਹਨ।
ਬੈਂਕਿੰਗ ਸੇਵਾਵਾਂ ਆਮ ਰਹਿਣ ਦੀ ਉਮੀਦ
ਬੈਂਕਾਂ ਦੇ ਰੋਜ਼ਾਨਾ ਕੰਮਕਾਜ ‘ਤੇ ਵੱਡੇ ਪੱਧਰ ਦਾ ਅਸਰ ਪੈਣ ਦੀ ਸੰਭਾਵਨਾ ਘੱਟ ਦਿੱਖ ਰਹੀ ਹੈ। ਬੈਂਕ ਕਰਮਚਾਰੀਆਂ ਵੱਲੋਂ ਹੜਤਾਲ ਵਿੱਚ ਸ਼ਾਮਲ ਹੋਣ ਦੀ ਕੋਈ ਵੱਡੀ ਘੋਸ਼ਣਾ ਨਹੀਂ ਕੀਤੀ ਗਈ। ਇਸ ਲਈ ਸ਼ਾਖਾਵਾਂ ਆਮ ਤੌਰ ‘ਤੇ ਖੁੱਲ੍ਹੀਆਂ ਰਹਿ ਸਕਦੀਆਂ ਹਨ। ਫਿਰ ਵੀ ਜੇਕਰ ਕਿਤੇ ਸੜਕਾਂ ਬੰਦ ਜਾਂ ਜਾਮ ਹੁੰਦੀਆਂ ਹਨ ਤਾਂ ਗਾਹਕਾਂ ਨੂੰ ਪਹੁੰਚਣ ਵਿੱਚ ਮੁਸ਼ਕਲ ਆ ਸਕਦੀ ਹੈ।
ਬਾਜ਼ਾਰ ਅਤੇ ਆਵਾਜਾਈ ‘ਤੇ ਸੰਭਾਵਿਤ ਪ੍ਰਭਾਵ
ਵਪਾਰਕ ਸੰਗਠਨਾਂ ਦੇ ਸੰਕੇਤਾਂ ਮੁਤਾਬਕ ਮੁੱਖ ਮਾਰਕੀਟਾਂ ਖੁੱਲ੍ਹੀਆਂ ਰਹਿਣ ਦੀ ਸੰਭਾਵਨਾ ਹੈ, ਪਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਥਿਤੀ ਦੇ ਅਨੁਸਾਰ ਦੁਕਾਨਾਂ ਬੰਦ ਵੀ ਰਹਿ ਸਕਦੀਆਂ ਹਨ। ਆਵਾਜਾਈ ਸੇਵਾਵਾਂ ਵਿੱਚ ਰੁਕਾਵਟ ਆਉਣ ਦੇ ਚਾਂਸ ਵੱਧ ਹਨ। ਕੁਝ ਥਾਵਾਂ ‘ਤੇ ਰੇਲ ਜਾਂ ਬੱਸ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ ਅਤੇ ਚੱਕਾ ਜਾਮ ਵਰਗੇ ਪ੍ਰਦਰਸ਼ਨਾਂ ਨਾਲ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜ਼ਰੂਰੀ ਸੇਵਾਵਾਂ ਰਹਿਣਗੀਆਂ ਜਾਰੀ
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਹਿਮ ਸੇਵਾਵਾਂ ਨੂੰ ਛੂਟ ਦਿੱਤੀ ਗਈ ਹੈ। ਹਸਪਤਾਲ, ਮੈਡੀਕਲ ਸਟੋਰ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਆਪਣਾ ਕੰਮ ਜਾਰੀ ਰੱਖਣਗੇ। ਰੋਜ਼ਾਨਾ ਦੀ ਲੋੜੀਂਦੀ ਵਸਤੂਆਂ ਜਿਵੇਂ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਵੀ ਪੂਰੀ ਤਰ੍ਹਾਂ ਬੰਦ ਹੋਣ ਦੀ ਸੰਭਾਵਨਾ ਨਹੀਂ ਹੈ।
ਪੁਲਿਸ ਹਾਈ ਅਲਰਟ ‘ਤੇ
‘ਭਾਰਤ ਬੰਦ’ ਦੇ ਮੱਦੇਨਜ਼ਰ ਕਈ ਸੂਬਿਆਂ ਵਿੱਚ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ। ਦਿੱਲੀ-ਐਨਸੀਆਰ ਸਮੇਤ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ‘ਤੇ ਪੁਲਿਸ ਮੁਸਤੈਦ ਹੈ ਤਾਂ ਜੋ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਿਆ ਜਾ ਸਕੇ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਫ਼ਵਾਹਾਂ ਤੋਂ ਬਚਣ ਅਤੇ ਯਾਤਰਾ ਤੋਂ ਪਹਿਲਾਂ ਤਾਜ਼ਾ ਜਾਣਕਾਰੀ ਪ੍ਰਾਪਤ ਕਰ ਲੈਣ।

