ਨਵਰਾਤਰੀ ਦੌਰਾਨ ਹੋ ਸਕਦੀ ਹੈ ਵੱਡੀ ਸਾਜ਼ਿਸ਼, ਸਾਰੇ ਏਅਰਪੋਰਟ ਹਾਈ ਅਲਰਟ ‘ਤੇ
ਏਅਰਪੋਰਟ ਸੁਰੱਖਿਆ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ, ਖੂਫੀਆ ਏਜੰਸੀਆਂ ਨੇ ਪਾਕਿਸਤਾਨੀ ਆਤੰਕੀ ਗਿਰੋਹ ਦੀਆਂ ਖ਼ਤਰਨਾਕ ਯੋਜਨਾਵਾਂ ਨੂੰ ਲੈ ਕੇ ਏਅਰਪੋਰਟ ਸੁਰੱਖਿਆ ਨਾਲ ਜੁੜੀਆਂ ਸਾਰੀਆਂ ਏਜੰਸੀਆਂ ਨੂੰ ਅਗਾਂਹ ਕਰ ਦਿੱਤਾ ਹੈ। ਖੁਫੀਆ ਇਨਪੁਟਸ ਵਿੱਚ 22 ਸਤੰਬਰ ਤੋਂ 2 ਅਕਤੂਬਰ 2025 ਤੱਕ ਏਅਰਪੋਰਟ ‘ਤੇ ਸੰਭਾਵਿਤ ਹਮਲੇ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਦੇ ਤਹਿਤ, 4 ਅਗਸਤ ਨੂੰ ਬਿਊਰੋ ਆਫ ਸਿਵਿਲ ਏਵੀਏਸ਼ਨ ਸਿਕਿਓਰਟੀ (BCAS) ਵੱਲੋਂ ਦੇਸ਼ ਦੇ ਸਾਰੇ ਏਅਰਪੋਰਟ, ਹੇਲੀਪੈਡ, ਹਵਾਈ ਪੱਟੀਆਂ, ਫਲਾਈੰਗ ਸਕੂਲਾਂ ਅਤੇ ਟਰੇਨਿੰਗ ਸੰਸਥਾਵਾਂ ਦੀ ਸੁਰੱਖਿਆ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਦੱਸਣਯੋਗ ਹੈ ਕਿ 22 ਸਤੰਬਰ ਤੋਂ ਦੇਸ਼ ਵਿੱਚ ਨਵਰਾਤਰੀ ਦਾ ਪਵਿੱਤਰ ਤਿਉਹਾਰ ਸ਼ੁਰੂ ਹੋ ਰਿਹਾ ਹੈ
ਸਾਰੀਆਂ ਏਜੰਸੀਆਂ ਨੂੰ ਮਿਲ ਕੇ ਕੰਮ ਕਰਨ ਦੇ ਹੁਕਮ
ਖੁਫੀਆ ਏਜੰਸੀਆਂ ਨੇ ਇਸ਼ਾਰਾ ਦਿੱਤਾ ਹੈ ਕਿ ਇਸ ਦੌਰਾਨ ਕੋਈ ਵੱਡੀ ਆਤੰਕੀ ਜਾਂ ਅਸਮਾਜਿਕ ਤਾਕਤਾਂ ਵੱਲੋਂ ਸਾਜ਼ਿਸ਼ ਹੋ ਸਕਦੀ ਹੈ। BCAS ਨੇ ਦੇਸ਼ ਦੇ ਸਾਰੇ ਏਅਰਪੋਰਟਸ ਨੂੰ ਲੋਕਲ ਪੁਲਿਸ, ਸੀਆਈਐੱਸਐੱਫ (CISF), ਇੰਟੈਲੀਜੈਂਸ ਬਿਊਰੋ (IB) ਅਤੇ ਹੋਰ ਸਬੰਧਤ ਏਜੰਸੀਆਂ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ ਹੈ। ਜੇਕਰ ਕੋਈ ਨਵਾਂ ਇਨਪੁਟ ਜਾਂ ਅਲਰਟ ਮਿਲਦਾ ਹੈ ਤਾਂ ਉਸਨੂੰ ਤੁਰੰਤ ਸਾਰਿਆਂ ਨਾਲ ਸਾਂਝਾ ਕਰਨ ਦੇ ਹੁਕਮ ਦਿੱਤੇ ਗਏ ਹਨ। ਸੁਰੱਖਿਆ ਨੂੰ ਹੋਰ ਪੱਕਾ ਕਰਨ ਲਈ BCAS ਨੇ ਕਈ ਸਖ਼ਤ ਕਦਮ ਚੁੱਕਣ ਲਈ ਵੀ ਕਿਹਾ ਹੈ।
ਏਅਰਲਾਈਨਾਂ ਨੂੰ ਵੀ ਜਾਰੀ ਕੀਤੇ ਵਿਸ਼ੇਸ਼ ਹੁਕਮ
BCAS ਨੇ ਏਅਰਪੋਰਟ ‘ਤੇ ਕੰਮ ਕਰ ਰਹੇ ਸਟਾਫ, ਠੇਕੇਦਾਰਾਂ ਅਤੇ ਆਉਣ ਵਾਲੇ ਮਹਿਮਾਨਾਂ ਦੀ ਪਛਾਣ ਸਖ਼ਤੀ ਨਾਲ ਕਰਨ ਲਈ ਆਖਿਆ ਹੈ। ਨਾਲ ਹੀ, ਸਾਰੇ CCTV ਕੈਮਰਿਆਂ ਨੂੰ ਲਗਾਤਾਰ ਚਾਲੂ ਰੱਖਣ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਹਨ। ਜਿਹੜੇ ਇਲਾਕੇ ‘ਗ੍ਰੇ ਏਰੀਆ’ ਹਨ, ਉਨ੍ਹਾਂ ਦੀ ਪਹਿਚਾਣ ਕਰਕੇ ਖਰਾਬ ਕੈਮਰਿਆਂ ਨੂੰ ਜਲਦੀ ਠੀਕ ਕਰਨ ਦੀ ਵੀ ਹਦਾਇਤ ਦਿੱਤੀ ਗਈ ਹੈ।
BCAS ਦਾ ਇਹ ਹੁਕਮ ਨਾ ਸਿਰਫ ਏਅਰਪੋਰਟਸ, ਸਗੋਂ ਏਅਰਲਾਈਨਾਂ ਅਤੇ ਹੋਰ ਹਵਾਈ ਸੇਵਾਵਾਂ ਨਾਲ ਜੁੜੀਆਂ ਸਾਰੀਆਂ ਏਜੰਸੀਆਂ ‘ਤੇ ਵੀ ਲਾਗੂ ਹੋਵੇਗਾ। ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿੱਚ ਸਮਾਨ ਅਤੇ ਕਾਰਗੋ ਦੀ ਜਾਂਚ ਹੋਰ ਵੀ ਕੜੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।