ਨਵੀਂ ਦਿੱਲੀ :- ਪਾਕਿਸਤਾਨ ਦੇ ਕਬਜ਼ੇ ਹੇਠ ਕਸ਼ਮੀਰ (ਪੀਓਕੇ) ਵਿੱਚ ਹਾਲੀਆਂ ਦਹਾਕਿਆਂ ਦੇ ਸਭ ਤੋਂ ਵੱਡੇ ਵਿਰੋਧ ਪ੍ਰਦਰਸ਼ਨਾਂ ਨੇ ਹਾਲਾਤ ਤਣਾਅਪੂਰਨ ਕਰ ਦਿੱਤੇ ਹਨ। ਅਵਾਮੀ ਐਕਸ਼ਨ ਕਮੇਟੀ (ਏਏਸੀ) ਵੱਲੋਂ ਸੋਮਵਾਰ ਨੂੰ ਸ਼ੁਰੂ ਕੀਤੇ “ਬੰਦ ਅਤੇ ਚੱਕਾ ਜਾਮ” ਹੜਤਾਲ ਦੇ ਸੱਦੇ ਨੇ ਪੂਰੇ ਖੇਤਰ ਨੂੰ ਠੱਪ ਕਰ ਦਿੱਤਾ। ਅਣਮਿਥੇ ਸਮੇਂ ਲਈ ਚਲਣ ਵਾਲੇ ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਇਸਲਾਮਾਬਾਦ ਨੇ ਅੱਧੀ ਰਾਤ ਤੋਂ ਹੀ ਵਾਧੂ ਸੁਰੱਖਿਆ ਬਲ ਤਾਇਨਾਤ ਕਰਕੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ।
“70 ਸਾਲਾਂ ਤੋਂ ਹੱਕੋਂ ਵਾਂਝੇ, ਹੁਣ ਹੋਰ ਨਹੀਂ” — ਸ਼ੌਕਤ ਨਵਾਜ਼ ਮੀਰ
ਮੁਜ਼ੱਫਰਾਬਾਦ ਵਿੱਚ ਭੀੜ ਨੂੰ ਸੰਬੋਧਨ ਕਰਦੇ ਹੋਏ ਏਏਸੀ ਦੇ ਪ੍ਰਮੁੱਖ ਨੇਤਾ ਸ਼ੌਕਤ ਨਵਾਜ਼ ਮੀਰ ਨੇ ਕਿਹਾ,
“ਸਾਡੀ ਲੜਾਈ ਕਿਸੇ ਸੰਸਥਾ ਵਿਰੁੱਧ ਨਹੀਂ, ਸਗੋਂ ਉਹਨਾਂ ਮੌਲਿਕ ਅਧਿਕਾਰਾਂ ਲਈ ਹੈ ਜਿਨ੍ਹਾਂ ਤੋਂ ਸਾਨੂੰ 70 ਸਾਲਾਂ ਤੋਂ ਵਾਂਝਾ ਰੱਖਿਆ ਗਿਆ ਹੈ। ਹੁਣ ਬਹੁਤ ਹੋ ਗਿਆ। ਜਾਂ ਤਾਂ ਸਾਨੂੰ ਸਾਡੇ ਹੱਕ ਮਿਲਣ ਜਾਂ ਫਿਰ ਲੋਕਾਂ ਦੇ ਗੁੱਸੇ ਲਈ ਤਿਆਰ ਰਹੋ।”
38-ਨੁਕਾਤੀ ਚਾਰਟਰ: ‘ਬਾਹਰੀਆਂ ਲਈ ਸੀਟਾਂ ਕਿਉਂ?’
ਹਾਲ ਦੇ ਮਹੀਨਿਆਂ ‘ਚ ਅਵਾਮੀ ਐਕਸ਼ਨ ਕਮੇਟੀ ਲੋਕਾਂ ਦੀ ਆਵਾਜ਼ ਬਣੀ ਹੈ। ਇਸ ਨੇ ਸੁਧਾਰਾਂ ਲਈ 38-ਨੁਕਾਤੀ ਚਾਰਟਰ ਜਾਰੀ ਕੀਤਾ ਹੈ, ਜਿਸ ਵਿਚ ਪਾਕਿਸਤਾਨ ‘ਚ ਰਹਿੰਦੇ ਕਸ਼ਮੀਰੀ ਸ਼ਰਨਾਰਥੀਆਂ ਲਈ ਰੱਖੀਆਂ 12 ਵਿਧਾਨ ਸਭਾ ਸੀਟਾਂ ਖਤਮ ਕਰਨ ਦੀ ਮੰਗ ਸਭ ਤੋਂ ਅਗੇ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪਾਕਿਸਤਾਨ ਇਨ੍ਹਾਂ ਸੀਟਾਂ ਦੇ ਜ਼ਰੀਏ ਖੇਤਰ ‘ਤੇ ਕਬਜ਼ਾ ਕਾਇਮ ਰੱਖਣ ਦੀ ਕੋਸ਼ਿਸ਼ ਕਰਦਾ ਹੈ।
ਮਹਿੰਗਾਈ ਨੇ ਸੜਕਾਂ ‘ਤੇ ਲਿਆ ਲੋਕਾਂ ਨੂੰ
ਆਟੇ ਤੋਂ ਬਿਜਲੀ ਤੱਕ ਹਰ ਚੀਜ਼ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਲੋਕਾਂ ਨੇ ਆਪਣੀਆਂ ਸਥਿਤੀਆਂ ਦੀ ਤੁਲਨਾ ਭਾਰਤੀ ਕਸ਼ਮੀਰ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਖੁੱਲ੍ਹੇ ਤੌਰ ‘ਤੇ ਪਾਕਿਸਤਾਨ ਨੂੰ ਦੋਸ਼ ਦੇ ਰਹੇ ਹਨ। ਪਹਿਲਾਂ ਪੀਓਕੇ ਸਰਕਾਰ, ਏਏਸੀ ਤੇ ਪਾਕਿਸਤਾਨੀ ਕੇਂਦਰੀ ਮੰਤਰੀਆਂ ਵਿਚਕਾਰ 13 ਘੰਟੇ ਦੀ ਮੈਰਾਥਨ ਮੀਟਿੰਗ ਵੀ ਅਸਫਲ ਰਹੀ, ਜਿਸ ਤੋਂ ਬਾਅਦ ਏਏਸੀ ਨੇ ਬੰਦ ਦਾ ਐਲਾਨ ਕਰ ਦਿੱਤਾ।
ਭਾਰੀ ਹਥਿਆਰਾਂ ਨਾਲ ਸੜਕਾਂ ‘ਤੇ ਫੌਜ
ਵਿਰੋਧ ਪ੍ਰਦਰਸ਼ਨਾਂ ਦੇ ਵਧਦੇ ਜ਼ੋਰ ਨੂੰ ਦੇਖਦੇ ਹੋਏ ਪਾਕਿਸਤਾਨ ਨੇ ਫੌਜੀ ਤਾਕਤ ਦਾ ਸਹਾਰਾ ਲਿਆ ਹੈ। ਪੀਓਕੇ ਦੇ ਵੱਡੇ ਸ਼ਹਿਰਾਂ ਵਿੱਚ ਫਲੈਗ ਮਾਰਚ ਕੀਤੇ ਗਏ ਅਤੇ ਸ਼ਹਿਰਾਂ ਦੇ ਪ੍ਰਵੇਸ਼ ਤੇ ਨਿਕਾਸ ਬਿੰਦੂ ਸੀਲ ਕਰ ਦਿੱਤੇ ਗਏ। ਇਸਲਾਮਾਬਾਦ ਤੋਂ 1,000 ਵਾਧੂ ਸੁਰੱਖਿਆ ਕਰਮੀ ਭੇਜੇ ਗਏ ਹਨ।
ਤਣਾਅ ਵਧਿਆ, ਹਾਲਾਤ ਗੰਭੀਰ
ਇੰਟਰਨੈੱਟ ਸੇਵਾਵਾਂ ਬੰਦ ਹੋਣ ਅਤੇ ਭਾਰੀ ਫੌਜੀ ਤਾਇਨਾਤੀ ਨਾਲ ਖੇਤਰ ਵਿੱਚ ਡਰ ਅਤੇ ਅਣਸ਼ਚਿਤਤਾ ਦਾ ਮਾਹੌਲ ਬਣ ਗਿਆ ਹੈ। ਲੋਕ ਕਹਿੰਦੇ ਹਨ ਕਿ ਹੁਣ ਇਹ ਲੜਾਈ ਸਿਰਫ਼ ਮਹਿੰਗਾਈ ਦੀ ਨਹੀਂ, ਸਗੋਂ ਆਪਣੀ ਆਜ਼ਾਦ ਆਵਾਜ਼ ਤੇ ਹੱਕਾਂ ਦੀ ਲੜਾਈ ਹੈ।