ਚੰਡੀਗੜ੍ਹ :- ਸੀਬੀਆਈ ਨੇ ਇੰਟਰਪੋਲ ਚੈਨਲਾਂ ਰਾਹੀਂ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਦੇ ਸਭ ਤੋਂ ਵਾਂਛਿਤ ਅੱਤਵਾਦੀ ਪਰਮਿੰਦਰ ਸਿੰਘ ਉਰਫ਼ ਪਿੰਡੀ ਨੂੰ ਅਬੂ ਧਾਬੀ (UAE) ਤੋਂ ਭਾਰਤ ਲਿਆਇਆ ਹੈ। ਪਿੰਡੀ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜਿਆ ਹੋਇਆ ਹੈ ਅਤੇ ਬਟਾਲਾ–ਗੁਰਦਾਸਪੁਰ ਖੇਤਰ ਵਿੱਚ ਪੈਟਰੋਲ ਬੰਬ ਹਮਲਿਆਂ, ਹਿੰਸਕ ਘਟਨਾਵਾਂ ਅਤੇ ਜਬਰੀ ਵਸੂਲੀ ਸਮੇਤ ਕਈ ਗੰਭੀਰ ਅਪਰਾਧਾਂ ਵਿੱਚ ਲਿਪਤ ਰਿਹਾ ਹੈ।
ਰਿੰਦਾ ਅਤੇ ਹੈਪੀ ਪਾਸੀਆ ਦਾ ਕਰੀਬੀ ਸਾਥੀ
ਪੰਜਾਬ ਪੁਲਿਸ ਅਨੁਸਾਰ ਪਰਮਿੰਦਰ ਸਿੰਘ ਉਰਫ਼ ਨਿਰਮਲ ਸਿੰਘ ਉਰਫ਼ ਪਿੰਡੀ ਵਿਦੇਸ਼ ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਹੈਪੀ ਪਾਸੀਆ ਦਾ ਨਜ਼ਦੀਕੀ ਸਾਥੀ ਹੈ। ਉਸ ‘ਤੇ ਅੱਤਵਾਦੀ ਗਤੀਵਿਧੀਆਂ ਲਈ ਫੰਡ ਇਕੱਠਾ ਕਰਨ, ਜਬਰੀ ਵਸੂਲੀ, ਕਤਲ ਦੀ ਕੋਸ਼ਿਸ਼ ਅਤੇ ਅਪਰਾਧਿਕ ਧਮਕੀਆਂ ਦੇ ਗੰਭੀਰ ਆਰੋਪ ਹਨ। ਭਾਰਤ ਤੋਂ ਭੱਜਣ ਤੋਂ ਬਾਅਦ ਉਹ ਕਾਫੀ ਸਮੇਂ ਤੋਂ ਵਿਦੇਸ਼ ‘ਚ ਲੁਕਿਆ ਹੋਇਆ ਸੀ।
ਚਾਰ ਮੈਂਬਰੀ ਪੁਲਿਸ ਟੀਮ ਨੇ UAE ਵਿੱਚ ਪੂਰੀ ਕੀਤੀ ਕਾਨੂੰਨੀ ਪ੍ਰਕਿਰਿਆ
ਬਟਾਲਾ ਪੁਲਿਸ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਦੀ ਅਗਵਾਈ ਹੇਠ ਇਕ ਸਮਰਪਿਤ ਚਾਰ ਮੈਂਬਰੀ ਟੀਮ 24 ਸਤੰਬਰ ਨੂੰ ਯੂਏਈ ਪਹੁੰਚੀ। ਵਿਦੇਸ਼ ਮੰਤਰਾਲੇ ਅਤੇ ਯੂਏਈ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕਾਨੂੰਨੀ ਕਾਰਵਾਈ ਪੂਰੀ ਕੀਤੀ ਗਈ। 26 ਸਤੰਬਰ ਨੂੰ ਪੰਜਾਬ ਪੁਲਿਸ ਦੀ ਟੀਮ ਉਸਨੂੰ ਭਾਰਤ ਵਾਪਸ ਲੈ ਆਈ। ਪੁਲਿਸ ਨੇ ਕੇਂਦਰੀ ਏਜੰਸੀਆਂ, ਵਿਦੇਸ਼ ਮੰਤਰਾਲੇ (MEA) ਅਤੇ ਯੂਏਈ ਸਰਕਾਰ ਦੇ ਸਹਿਯੋਗ ਲਈ ਧੰਨਵਾਦ ਜ਼ਾਹਿਰ ਕੀਤਾ।
ਇੰਟਰਪੋਲ ਨੇ ਜਾਰੀ ਕੀਤਾ ਸੀ ਰੈੱਡ ਕਾਰਨਰ ਨੋਟਿਸ
ਪੰਜਾਬ ਪੁਲਿਸ ਦੀ ਬੇਨਤੀ ‘ਤੇ 13 ਜੂਨ 2025 ਨੂੰ ਸੀਬੀਆਈ ਨੇ ਇੰਟਰਪੋਲ ਰਾਹੀਂ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਸੀ। ਇਸ ਤੋਂ ਬਾਅਦ ਯੂਏਈ ਏਜੰਸੀਆਂ ਨੇ ਪਿੰਡੀ ਨੂੰ ਗ੍ਰਿਫ਼ਤਾਰ ਕਰਕੇ ਉਸਨੂੰ ਭਾਰਤ ਹਵਾਲੇ ਕਰਨ ਦਾ ਫ਼ੈਸਲਾ ਕੀਤਾ। ਯਾਦ ਰਹੇ ਕਿ ਇੰਟਰਪੋਲ ਦੁਆਰਾ ਜਾਰੀ ਰੈੱਡ ਨੋਟਿਸ ਭਗੌੜੇ ਅਪਰਾਧੀਆਂ ਨੂੰ ਫੜਨ ਲਈ ਦੁਨੀਆ ਭਰ ਦੀਆਂ ਪੁਲਿਸ ਏਜੰਸੀਆਂ ਨੂੰ ਭੇਜਿਆ ਜਾਂਦਾ ਹੈ।