ਝਾਰਖੰਡ :- ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਸਰਾਂਡਾ ਜੰਗਲ ਵਿੱਚ ਸੁਰੱਖਿਆ ਬਲਾਂ ਵੱਲੋਂ ਚਲਾਇਆ ਜਾ ਰਿਹਾ ਵੱਡਾ ਐਂਟੀ ਮਾਓਵਾਦੀ ਆਪਰੇਸ਼ਨ ਲਗਾਤਾਰ ਤੀਜੇ ਦਿਨ ਵੀ ਜਾਰੀ ਹੈ। ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ 16 ਮਾਓਵਾਦੀਆਂ ਨੂੰ ਮਾਰਿਆ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਕੇਂਦਰੀ ਕਮੇਟੀ ਦਾ ਇੱਕ ਸਭ ਤੋਂ ਵੱਡਾ ਲੀਡਰ ਵੀ ਸ਼ਾਮਲ ਹੈ, ਜਿਸ ਉੱਤੇ ਕੁੱਲ 2.35 ਕਰੋੜ ਰੁਪਏ ਦਾ ਇਨਾਮ ਘੋਸ਼ਿਤ ਸੀ।
ਕਿਰਿਬੁਰੂ ਇਲਾਕੇ ਵਿੱਚ ਅਜੇ ਵੀ ਗੋਲਾਬਾਰੀ ਜਾਰੀ
ਪੁਲਿਸ ਮੁਤਾਬਕ ਸਰਾਂਡਾ ਦੇ ਘਣੇ ਜੰਗਲਾਂ ਵਿਚਲੇ ਕਿਰਿਬੁਰੂ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਕਾਰ ਅਜੇ ਵੀ ਮੁਕਾਬਲਾ ਚੱਲ ਰਿਹਾ ਹੈ। ਮੌਕੇ ’ਤੇ ਹਾਲਾਤ ਨਾਜੁਕ ਬਣੇ ਹੋਏ ਹਨ ਪਰ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ’ਤੇ ਆਪਣੀ ਪਕੜ ਕਾਇਮ ਰੱਖੀ ਹੋਈ ਹੈ।
2.35 ਕਰੋੜ ਦਾ ਇਨਾਮੀ ਪਤਿਰਾਮ ਮਾਂਝੀ ਢੇਰ
ਮਾਰੇ ਗਏ ਮਾਓਵਾਦੀਆਂ ਵਿੱਚ ਪਤਿਰਾਮ ਮਾਂਝੀ ਉਰਫ਼ ਅਨਲ ਦਾਹ ਵੀ ਸ਼ਾਮਲ ਹੈ, ਜੋ ਪੂਰਬੀ ਭਾਰਤ ਦੇ ਸਭ ਤੋਂ ਖ਼ਤਰਨਾਕ ਮਾਓਵਾਦੀ ਆਗੂਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਝਾਰਖੰਡ ਸਰਕਾਰ ਵੱਲੋਂ ਉਸ ਉੱਤੇ ਇੱਕ ਕਰੋੜ, ਓਡੀਸ਼ਾ ਸਰਕਾਰ ਵੱਲੋਂ 1.20 ਕਰੋੜ ਅਤੇ ਐਨਆਈਏ ਵੱਲੋਂ 15 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।
1987 ਤੋਂ ਸਰਗਰਮ ਸੀ ਅਨਲ ਦਾਹ
ਅਧਿਕਾਰੀਆਂ ਮੁਤਾਬਕ ਅਨਲ ਦਾਹ ਸਾਲ 1987 ਤੋਂ ਮਾਓਵਾਦੀ ਗਤੀਵਿਧੀਆਂ ਵਿੱਚ ਸਰਗਰਮ ਸੀ। ਉਸ ਉੱਤੇ ਕਈ ਵੱਡੇ ਹਮਲਿਆਂ ਦੀ ਯੋਜਨਾ ਬਣਾਉਣ ਦੇ ਦੋਸ਼ ਸਨ, ਜਿਨ੍ਹਾਂ ਵਿੱਚ 2006 ਦਾ ਬੋਕਾਰੋ CISF ਕੈਂਪ ਹਮਲਾ, 2019 ਵਿੱਚ ਪੰਜ ਜਵਾਨਾਂ ਦੀ ਹੱਤਿਆ ਅਤੇ 2025 ਵਿੱਚ ਓਡੀਸ਼ਾ ਤੋਂ ਪੰਜ ਟਨ ਧਮਾਕੇਦਾਰ ਸਮੱਗਰੀ ਲੁੱਟਣ ਦੀ ਘਟਨਾ ਸ਼ਾਮਲ ਹੈ।
ਹੋਰ ਵੱਡੇ ਨਕਸਲੀ ਲੀਡਰ ਵੀ ਮਾਰੇ ਗਏ
ਇਸ ਆਪਰੇਸ਼ਨ ਦੌਰਾਨ ਬਿਹਾਰ–ਝਾਰਖੰਡ ਸਪੈਸ਼ਲ ਏਰੀਆ ਕਮੇਟੀ ਦਾ ਮੈਂਬਰ ਅਨਮੋਲ ਉਰਫ਼ ਸੁਸ਼ਾਂਤ ਵੀ ਮਾਰਿਆ ਗਿਆ, ਜੋ 149 ਮਾਮਲਿਆਂ ਵਿੱਚ ਵਾਂਛਿਤ ਸੀ ਅਤੇ ਜਿਸ ਉੱਤੇ 90 ਲੱਖ ਰੁਪਏ ਦਾ ਇਨਾਮ ਸੀ। ਇਸ ਤੋਂ ਇਲਾਵਾ ਰੀਜਨਲ ਕਮੇਟੀ ਮੈਂਬਰ ਅਮਿਤ ਮੁੰਡਾ ਵੀ ਮੁਕਾਬਲੇ ਵਿੱਚ ਢੇਰ ਹੋਇਆ, ਜਿਸ ਉੱਤੇ 62 ਲੱਖ ਦਾ ਇਨਾਮ ਸੀ।
ਪੰਜ ਮਹਿਲਾ ਮਾਓਵਾਦੀ ਵੀ ਢੇਰ
ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ ਦੌਰਾਨ ਪੰਜ ਮਹਿਲਾ ਮਾਓਵਾਦੀਆਂ ਦੇ ਮਾਰੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਸਬ-ਜ਼ੋਨਲ ਅਤੇ ਏਰੀਆ ਕਮੇਟੀ ਨਾਲ ਜੁੜੇ ਕਈ ਹੋਰ ਹਾਰਡਕੋਰ ਨਕਸਲੀ ਵੀ ਮਾਰੇ ਗਏ ਹਨ।
1500 ਜਵਾਨਾਂ ਦੀ ਤੈਨਾਤੀ, ਕੋਬਰਾ ਕਮਾਂਡੋ ਅੱਗੇ
ਇਸ ਵੱਡੇ ਆਪਰੇਸ਼ਨ ਵਿੱਚ ਲਗਭਗ 1500 ਤੋਂ ਵੱਧ ਸੁਰੱਖਿਆ ਕਰਮੀ ਸ਼ਾਮਲ ਹਨ, ਜਿਨ੍ਹਾਂ ਵਿੱਚ ਜੰਗਲੀ ਲੜਾਈ ਵਿੱਚ ਮਾਹਿਰ CRPF ਦੇ ਕੋਬਰਾ ਕਮਾਂਡੋ ਅਤੇ ਝਾਰਖੰਡ ਪੁਲਿਸ ਦੀਆਂ ਖਾਸ ਟੀਮਾਂ ਸ਼ਾਮਲ ਹਨ।
ਮਾਰਚ 31 ਦੀ ਡੈੱਡਲਾਈਨ ਤੋਂ ਪਹਿਲਾਂ ਵੱਡੀ ਸਫਲਤਾ
ਇਹ ਆਪਰੇਸ਼ਨ ਖਾਸ ਅਹਿਮੀਅਤ ਰੱਖਦਾ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਦੇਸ਼ ਨੂੰ 31 ਮਾਰਚ ਤੱਕ ਨਕਸਲਵਾਦ ਤੋਂ ਮੁਕਤ ਕਰਨ ਦੀ ਡੈੱਡਲਾਈਨ ਤੈਅ ਕੀਤੀ ਗਈ ਹੈ। ਸਰਾਂਡਾ ਅਤੇ ਕੋਲਹਾਨ ਖੇਤਰ ਝਾਰਖੰਡ ਵਿੱਚ ਮਾਓਵਾਦੀਆਂ ਦੇ ਆਖ਼ਰੀ ਵੱਡੇ ਗੜ੍ਹ ਮੰਨੇ ਜਾਂਦੇ ਹਨ।
ਸਰਕਾਰੀ ਅੰਕੜੇ
ਸਰਕਾਰੀ ਰਿਕਾਰਡਾਂ ਮੁਤਾਬਕ ਹੁਣ ਤੱਕ ਝਾਰਖੰਡ ਵਿੱਚ 11 ਹਜ਼ਾਰ ਤੋਂ ਵੱਧ ਮਾਓਵਾਦੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਲਗਭਗ 250 ਮੁਕਾਬਲਿਆਂ ਵਿੱਚ ਮਾਰੇ ਗਏ ਹਨ ਅਤੇ 350 ਤੋਂ ਵੱਧ ਨੇ ਆਤਮਸਮਰਪਣ ਕੀਤਾ ਹੈ।

