ਕਰਨਾਟਕਾ :- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇਕ ਵੱਡੀ ਕਾਰਵਾਈ ਕਰਦਿਆਂ ਕਰਨਾਟਕ ਦੇ ਕਾਂਗਰਸੀ ਵਿਧਾਇਕ ਸਤੀਸ਼ ਕ੍ਰਿਸ਼ਨਾ ਸੈਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਗੈਰ-ਕਾਨੂੰਨੀ ਲੋਹੇ ਦੇ ਨਿਰਯਾਤ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਹੋਈ ਹੈ।
ਬੈਂਗਲੁਰੂ ਵਿੱਚ ਪੁੱਛਗਿੱਛ ਤੋਂ ਬਾਅਦ ਹਿਰਾਸਤ
ਸੂਤਰਾਂ ਅਨੁਸਾਰ, ਉੱਤਰੀ ਕੰਨੜ ਜ਼ਿਲ੍ਹੇ ਦੇ ਕਾਰਵਾਰ ਹਲਕੇ ਤੋਂ ਕਾਂਗਰਸੀ ਵਿਧਾਇਕ ਸੈਲ ਨੂੰ 9-10 ਸਤੰਬਰ ਦੀ ਰਾਤ ਬੈਂਗਲੁਰੂ ਸਥਿਤ ਈ.ਡੀ. ਦੇ ਜ਼ੋਨਲ ਦਫ਼ਤਰ ਵਿੱਚ ਲੰਬੀ ਪੁੱਛਗਿੱਛ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ। ਉਸਨੂੰ ਬਾਅਦ ਵਿੱਚ ਇੱਕ ਵਿਸ਼ੇਸ਼ ਅਦਾਲਤ ਅੱਗੇ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ ਇੱਕ ਦਿਨ ਦੀ ਈ.ਡੀ. ਰਿਮਾਂਡ ਵਿੱਚ ਭੇਜ ਦਿੱਤਾ ਗਿਆ ਹੈ। ਏਜੰਸੀ ਹੁਣ ਉਸ ਦੀ ਹੋਰ ਹਿਰਾਸਤ ਦੀ ਮੰਗ ਕਰੇਗੀ।
ਦੂਜਾ ਕਾਂਗਰਸੀ ਵਿਧਾਇਕ ਫ਼ਸਿਆ
ਯਾਦ ਰਹੇ ਕਿ ਪਿਛਲੇ ਮਹੀਨੇ ਅਗਸਤ ਵਿੱਚ ਵੀ ਚਿੱਤਰਦੁਰਗ ਹਲਕੇ ਦੇ ਕਾਂਗਰਸੀ ਵਿਧਾਇਕ ਕੇ.ਸੀ. ਵੀਰੇਂਦਰ ਨੂੰ ਗੈਰ-ਕਾਨੂੰਨੀ ਸੱਟੇਬਾਜ਼ੀ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਈ.ਡੀ. ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤਰ੍ਹਾਂ, ਸਤੀਸ਼ ਸੈਲ ਪਿਛਲੇ ਕੁਝ ਹਫ਼ਤਿਆਂ ਵਿੱਚ ਈ.ਡੀ. ਦੇ ਨਿਸ਼ਾਨੇ ‘ਤੇ ਆਇਆ ਦੂਜਾ ਕਾਂਗਰਸੀ ਵਿਧਾਇਕ ਹੈ।
ਈ.ਡੀ. ਵੱਲੋਂ ਵੱਡੇ ਪੱਧਰ ‘ਤੇ ਛਾਪੇਮਾਰੀ
ਸੈਲ ਵਿਰੁੱਧ ਮਾਮਲਾ ਉਸ ਨਾਲ ਜੁੜੀ ਇਕ ਕੰਪਨੀ ਦੁਆਰਾ ਕੀਤੇ ਗਏ ਕਥਿਤ ਗੈਰ-ਕਾਨੂੰਨੀ ਲੋਹੇ ਦੇ ਨਿਰਯਾਤ ਨਾਲ ਸੰਬੰਧਿਤ ਹੈ। ਇਸ ਮਾਮਲੇ ਦੀ ਜਾਂਚ ਦੌਰਾਨ ਈ.ਡੀ. ਨੇ 13-14 ਅਗਸਤ ਨੂੰ ਕਾਰਵਾਰ, ਗੋਆ, ਮੁੰਬਈ ਅਤੇ ਦਿੱਲੀ ਵਿੱਚ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਸੀ।