ਚੰਡੀਗੜ੍ਹ :- ਭਾਰਤ ਦੇ 79ਵੇਂ ਆਜ਼ਾਦੀ ਦਿਵਸ ਮੌਕੇ ‘ਬਾਰਡਰ 2’ ਦੇ ਨਿਰਮਾਤਾਵਾਂ ਨੇ ਪ੍ਰਸ਼ੰਸਕਾਂ ਨੂੰ ਖਾਸ ਤੋਹਫ਼ਾ ਦਿੱਤਾ ਹੈ। ਫਿਲਮ ਦਾ ਪਹਿਲਾ ਪੋਸਟਰ ਜਾਰੀ ਕਰਦੇ ਹੋਏ ਅਧਿਕਾਰਿਕ ਤੌਰ ‘ਤੇ ਐਲਾਨ ਕੀਤਾ ਗਿਆ ਕਿ ਇਹ ਫਿਲਮ 22 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਨਿਰਮਾਤਾਵਾਂ ਨੇ ਇੰਸਟਾਗ੍ਰਾਮ ‘ਤੇ ਪੋਸਟਰ ਦੇ ਨਾਲ ਕੈਪਸ਼ਨ ਲਿਖਿਆ — “ਹਿੰਦੁਸਤਾਨ ਲਈ ਲੜਾਂਗੇ… ਇੱਕ ਵਾਰ ਫਿਰ!” ਅਤੇ ਫੈਨਜ਼ ਨੂੰ ਆਜ਼ਾਦੀ ਦਿਵਸ ਦੀ ਵਧਾਈ ਵੀ ਦਿੱਤੀ। ਫਿਲਮ ਦੇ ਕਲਾਕਾਰਾਂ ਵਿੱਚ ਸੰਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਦੇ ਨਾਲ ਮੇਧਾ ਰਾਣਾ, ਮੋਨਾ ਸਿੰਘ ਅਤੇ ਸੋਨਮ ਬਾਜਵਾ ਵੀ ਸ਼ਾਮਲ ਹਨ। ਨਿਰਦੇਸ਼ਨ ਦੀ ਜ਼ਿੰਮੇਵਾਰੀ ਅਨੁਰਾਗ ਸਿੰਘ ਨੇ ਸੰਭਾਲੀ ਹੈ।
ਰਿਲੀਜ਼ ਡੇਟ ਲਈ 15 ਅਗਸਤ ਦੀ ਚੋਣ ਅਤੇ ਨਿਰਮਾਤਾਵਾਂ ਦੀ ਪ੍ਰਤੀਕਿਰਿਆ
ਰਿਲੀਜ਼ ਡੇਟ 15 ਅਗਸਤ ਨੂੰ ਐਲਾਨ ਕਰਨ ਦੇ ਕਾਰਨ ਬਾਰੇ ਨਿਰਦੇਸ਼ਕ ਅਨੁਰਾਗ ਸਿੰਘ ਨੇ ਕਿਹਾ ਕਿ ਇਹ ਫ਼ੈਸਲਾ ਪੂਰੀ ਤਰ੍ਹਾਂ ਪ੍ਰਤੀਕਾਤਮਕ ਹੈ। ਉਹਨਾਂ ਦੇ ਅਨੁਸਾਰ, 15 ਅਗਸਤ ਸਾਨੂੰ ਉਹਨਾਂ ਸੈਨਿਕਾਂ ਦੀ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਨਿਓਛਾਵਰ ਕੀਤੀ। “ਸਾਡੀ ਫਿਲਮ ਵੀ ਉਹੀ ਭਾਵਨਾ ਜਗਾਉਂਦੀ ਹੈ ਅਤੇ ਇਸ ਕਹਾਣੀ ਰਾਹੀਂ ਅਸੀਂ ਉਨ੍ਹਾਂ ਦੀ ਅਟੱਲ ਆਤਮਾ ਨੂੰ ਸਲਾਮ ਕਰਦੇ ਹਾਂ,” ਉਹਨਾਂ ਨੇ ਕਿਹਾ।
ਨਿਰਮਾਤਾ ਭੂਸ਼ਣ ਕੁਮਾਰ ਦੇ ਮੁਤਾਬਕ, “ਬਾਰਡਰ ਸਿਰਫ਼ ਇੱਕ ਫਿਲਮ ਨਹੀਂ, ਇਹ ਹਰ ਭਾਰਤੀ ਦੀ ਸਾਂਝੀ ਭਾਵਨਾ ਹੈ। ‘ਬਾਰਡਰ 2’ ਰਾਹੀਂ ਅਸੀਂ ਉਸ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਮਨ ਬਣਾਇਆ ਹੈ।” ਨਿਰਮਾਤਾ ਨਿਧੀ ਦੱਤਾ ਨੇ ਕਿਹਾ, “ਪਹਿਲੀ ‘ਬਾਰਡਰ’ ਸਾਡੀਆਂ ਹਥਿਆਰਬੰਦ ਫੌਜਾਂ ਲਈ ਦਿਲੋਂ ਕੀਤੀ ਸਲਾਮੀ ਸੀ। ਇਸ ਵਾਰ ਅਸੀਂ ਉਸੇ ਜਜ਼ਬੇ ਨਾਲ, ਇੱਕ ਨਵੀਂ ਕਹਾਣੀ ਅਤੇ ਹਰ ਥੀਏਟਰ ਵਿੱਚ ਮਾਣ ਅਤੇ ਭਾਵਨਾਵਾਂ ਨੂੰ ਜਗਾਉਣ ਦੇ ਵਾਅਦੇ ਨਾਲ ਵਾਪਸੀ ਕਰ ਰਹੇ ਹਾਂ।”