ਆਂਧਰਾ ਪ੍ਰਦੇਸ਼ :- ਆਂਧਰਾ ਪ੍ਰਦੇਸ਼ ਦੇ ਮਾਰਕਾਪੁਰਮ ਇਲਾਕੇ ਵਿੱਚ ਰਾਏਵਰਮ ਦੇ ਨੇੜੇ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ, ਜਿੱਥੇ ਨਿੱਜੀ ਟ੍ਰੈਵਲ ਬੱਸ ਅਤੇ ਟਿੱਪਰ ਦੀ ਭਿੜੰਤ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਟੱਕਰ ਇੰਨੀ ਤੀਬਰ ਸੀ ਕਿ ਦੋਵਾਂ ਵਾਹਨਾਂ ਨੂੰ ਤੁਰੰਤ ਅੱਗ ਨੇ ਘੇਰ ਲਿਆ ਅਤੇ ਕੁਝ ਹੀ ਸਮੇਂ ਵਿੱਚ ਬੱਸ ਪੂਰੀ ਤਰ੍ਹਾਂ ਸੜ ਕੇ ਖਾਕ ਹੋ ਗਈ।
ਤੇਜ਼ ਰਫ਼ਤਾਰ ਬਣੀ ਹਾਦਸੇ ਦੀ ਵਜ੍ਹਾ
ਪ੍ਰਾਰੰਭਿਕ ਜਾਣਕਾਰੀ ਮੁਤਾਬਕ ਹਾਦਸਾ ਤੇਜ਼ ਗਤੀ ਕਾਰਨ ਵਾਪਰਿਆ। ਹੈਦਰਾਬਾਦ ਤੋਂ ਪਾਮੁਰ ਵੱਲ ਜਾ ਰਹੀ ਹਰੀਕ੍ਰਿਸ਼ਨਾ ਟ੍ਰੈਵਲਜ਼ ਦੀ ਬੱਸ ਦਾ ਸਾਹਮਣਾ ਚਿਮਾਕੁਰਥੀ ਪਾਸੋਂ ਆ ਰਹੇ ਬਜਰੀ ਨਾਲ ਲੱਦੇ ਟਿੱਪਰ ਨਾਲ ਹੋ ਗਿਆ। ਟੱਕਰ ਤੋਂ ਬਾਅਦ ਬੱਸ ਸੰਤੁਲਨ ਗੁਆ ਬੈਠੀ, ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਅਤੇ ਤੁਰੰਤ ਅੱਗ ਲੱਗ ਗਈ, ਜਿਸ ਕਾਰਨ ਅੰਦਰ ਮੌਜੂਦ ਯਾਤਰੀਆਂ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ।
10 ਲੋਕਾਂ ਦੀ ਮੌਤ, ਕਈ ਜ਼ਖਮੀ ਹਸਪਤਾਲ ਦਾਖ਼ਲ
ਹਾਦਸੇ ਸਮੇਂ ਬੱਸ ਵਿੱਚ ਕਰੀਬ 40 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 10 ਲੋਕਾਂ ਦੀ ਜ਼ਿੰਦਾ ਸੜ ਜਾਣ ਨਾਲ ਮੌਤ ਹੋ ਗਈ। ਕਈ ਹੋਰ ਯਾਤਰੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਰਾਹਤ ਤੇ ਬਚਾਅ ਕਾਰਜ, ਇਲਾਕੇ ‘ਚ ਸੋਗ ਦੀ ਲਹਿਰ
ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਅਤੇ ਅੱਗ ਬੁਝਾਊ ਦਸਤਿਆਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ, ਪਰ ਅੱਗ ‘ਤੇ ਕਾਬੂ ਪਾਉਣ ਤੱਕ ਦੋਵੇਂ ਵਾਹਨ ਪੂਰੀ ਤਰ੍ਹਾਂ ਸੜ ਚੁੱਕੇ ਸਨ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੁਝ ਜ਼ਖਮੀਆਂ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਇਸ ਹਾਦਸੇ ਨਾਲ ਇਲਾਕੇ ਵਿੱਚ ਗਹਿਰਾ ਦੁੱਖ ਫੈਲ ਗਿਆ ਹੈ।

