ਚੰਡੀਗੜ੍ਹ :- ਸਿੱਖ ਧਰਮ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੂਰੇ ਦੇਸ਼ ਵਿੱਚ ਸ਼ਰਧਾ ਅਤੇ ਭਾਵਨਾ ਦਾ ਮਾਹੌਲ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਕਈ ਰਾਜਨੀਤਿਕ ਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਹਨ। ਹਰ ਥਾਂ ਗੁਰਬਾਣੀ ਦੀ ਧੁਨ ਤੇ ਸ਼ਰਧਾ ਦਾ ਜਜ਼ਬਾ ਨਜ਼ਰ ਆ ਰਿਹਾ ਹੈ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਆਪਣੇ ਐਕਸ ਹੈਂਡਲ ‘ਤੇ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ਮੈਂ ਸਾਰੇ ਭਾਰਤੀਆਂ, ਖ਼ਾਸ ਕਰਕੇ ਦੇਸ਼ ਅਤੇ ਵਿਦੇਸ਼ਾਂ ‘ਚ ਰਹਿੰਦੇ ਸਿੱਖ ਭਰਾਵਾਂ ਅਤੇ ਭੈਣਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦੀ ਹਾਂ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੇ ਉਪਦੇਸ਼ ਸਾਡੇ ਜੀਵਨ ਨੂੰ ਸੱਚ, ਇਮਾਨਦਾਰੀ ਅਤੇ ਸੇਵਾ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਦੇ ਹਨ।
ਮੁੱਖ ਮੰਤਰੀ ਮਾਨ ਦਾ ਸੰਦੇਸ਼ — “ਗੁਰੂ ਸਾਹਿਬ ਦੇ ਸਿਧਾਂਤਾਂ ਤੇ ਪਹਿਰਾ ਦੇਈਏ”
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਲੋਕਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸੁਨੇਹਾ ਦੇ ਕੇ ਸਮੁੱਚੀ ਮਨੁੱਖਤਾ ਨੂੰ ਸੱਚਾਈ ਅਤੇ ਹੱਕ ਦੀ ਕਮਾਈ ਕਰਨ ਲਈ ਪ੍ਰੇਰਿਆ। ਮਾਨ ਨੇ ਅਪੀਲ ਕੀਤੀ ਕਿ ਅਸੀਂ ਸਭ ਗੁਰੂ ਸਾਹਿਬ ਦੇ ਸਿਧਾਂਤਾਂ ‘ਤੇ ਤੁਰ ਕੇ ਕੁਦਰਤ ਨਾਲ ਸਾਂਝ ਬਣਾਈਏ ਅਤੇ ਸਚਿਆਰੀ ਜ਼ਿੰਦਗੀ ਜੀਈਏ।
ਮਾਨ ਪਤਨੀ ਸਮੇਤ ਹਰਿਮੰਦਰ ਸਾਹਿਬ ਵਿਖੇ ਨਤਮਸਤਕ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀ ਭਰੀ। ਇਸ ਮੌਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕ ਕੇ ਅਰਦਾਸ ਕੀਤੀ ਅਤੇ ਰਾਜ ਤੇ ਲੋਕਾਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਗੁਰਬਾਣੀ ਦੇ ਰਾਗ ਤੇ ਸੰਗਤਾਂ ਦੇ ਭਾਵ ਭਰੇ ਚਿਹਰੇ ਦਰਬਾਰ ਸਾਹਿਬ ਵਿਖੇ ਅਦਭੁਤ ਦਰਸ਼ ਪੇਸ਼ ਕਰ ਰਹੇ ਸਨ।
ਮਨਜਿੰਦਰ ਸਿੰਘ ਸਿਰਸਾ ਵੱਲੋਂ ਸ਼ਰਧਾ ਭਾਵਨਾ ਨਾਲ ਵਧਾਈਆਂ
ਦਿੱਲੀ ਤੋਂ ਅਕਾਲੀ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅੱਜ ਦੁਨੀਆ ਭਰ ਦੀ ਸੰਗਤ ਸ਼ਰਧਾ ਤੇ ਉਤਸ਼ਾਹ ਨਾਲ ਇਹ ਪਵਿੱਤਰ ਦਿਹਾੜਾ ਮਨਾ ਰਹੀ ਹੈ। ਉਨ੍ਹਾਂ ਨੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਤੇ ਸੇਵਾ ਦਾ ਬਲ ਬਖ਼ਸ਼ਣ। ਸਿਰਸਾ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਮਨੁੱਖਤਾ ਦੇ ਹਰ ਯੁੱਗ ਲਈ ਪ੍ਰਸੰਗਿਕ ਹਨ।
ਧਾਰਮਿਕ ਰੰਗ ‘ਚ ਰੰਗਿਆ ਪੰਜਾਬ
ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਹਰ ਸ਼ਹਿਰ ਤੇ ਪਿੰਡ ਵਿੱਚ ਗੁਰਦੁਆਰਿਆਂ ਵਿੱਚ ਕੀਰਤਨ, ਲੰਗਰ ਅਤੇ ਨਗਰ ਕੀਰਤਨ ਹੋ ਰਹੇ ਹਨ। ਸੰਗਤਾਂ ਵੱਲੋਂ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਯਾਦ ਕਰਦਿਆਂ ਸੇਵਾ ਤੇ ਭਾਵਨਾ ਦਾ ਪ੍ਰਤੀਕ ਦਰਸਾਇਆ ਜਾ ਰਿਹਾ ਹੈ।

