ਨਵੀਂ ਦਿੱਲੀ :- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨਾਲ ਜੁੜੇ ਵੀਡੀਓ ਵਿਵਾਦ ਨੇ ਹੁਣ ਸੰਵਿਧਾਨਕ ਟਕਰਾਅ ਦਾ ਰੂਪ ਧਾਰ ਲਿਆ ਹੈ। ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਸੁਰ ਵਿਚ ਤਿੰਨ ਦਿਨਾਂ ਅੰਦਰ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਹੈ। ਇਸ ਤਹਿਤ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਸਾਈਬਰ ਕ੍ਰਾਈਮ ਦੇ ਸਪੈਸ਼ਲ ਡੀਜੀਪੀ ਵੀ. ਨੀਰਜਾ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ 72 ਘੰਟਿਆਂ ਦੀ ਮਿਆਦ ਦਿੱਤੀ ਗਈ ਹੈ।
ਪਹਿਲਾਂ 24 ਘੰਟੇ, ਫਿਰ ਪੁਲਸ ਨੇ ਮੰਗਿਆ ਸਮਾਂ
ਜ਼ਿਕਰਯੋਗ ਹੈ ਕਿ ਸ਼ੁਰੂਆਤੀ ਪੜਾਅ ਵਿੱਚ ਦਿੱਲੀ ਵਿਧਾਨ ਸਭਾ ਵੱਲੋਂ ਪੰਜਾਬ ਪੁਲਸ ਨੂੰ 24 ਘੰਟਿਆਂ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਸੀ। ਹਾਲਾਂਕਿ, ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਸਪੀਕਰ ਨੂੰ ਪੱਤਰ ਭੇਜ ਕੇ ਮਾਮਲੇ ਦੇ ਸਾਰੇ ਤੱਥ ਇਕੱਠੇ ਕਰਨ ਲਈ ਵਧੇਰੇ ਸਮਾਂ ਮੰਗਿਆ ਸੀ। ਇਸ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਸਪੀਕਰ ਨੇ ਤਿੰਨ ਦਿਨਾਂ ਦੀ ਹੋਰ ਮਿਆਦ ਦੇਣ ਦਾ ਫੈਸਲਾ ਕੀਤਾ।
ਜਲੰਧਰ ਤੋਂ ਸ਼ੁਰੂ ਹੋਇਆ ਸੀ ਵਿਵਾਦ
ਇਹ ਪੂਰਾ ਮਾਮਲਾ 7 ਜਨਵਰੀ ਦੀ ਰਾਤ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਜਲੰਧਰ ਕਮਿਸ਼ਨਰੇਟ ਪੁਲਸ ਨੇ ਇੱਕ ਐਫਆਈਆਰ ਦਰਜ ਕੀਤੀ। ਪੁਲਸ ਅਨੁਸਾਰ, ਭਾਜਪਾ ਆਗੂ ਕਪਿਲ ਮਿਸ਼ਰਾ ਦੇ ਸੋਸ਼ਲ ਮੀਡੀਆ ਖਾਤੇ ਤੋਂ ਮਿਲੀ ਆਤਿਸ਼ੀ ਦੀ ਵੀਡੀਓ ਦੀ ਫੋਰੈਂਸਿਕ ਜਾਂਚ ਦੌਰਾਨ ਉਸਦੇ ਨਾਲ ਛੇੜਛਾੜ ਹੋਣ ਦੀ ਪੁਸ਼ਟੀ ਹੋਈ ਸੀ। ਇਹ ਸ਼ਿਕਾਇਤ ‘ਆਪ’ ਸਮਰਥਕ ਇਕਬਾਲ ਸਿੰਘ ਵੱਲੋਂ ਦਰਜ ਕਰਵਾਈ ਗਈ ਸੀ, ਜਿਸ ਵਿੱਚ ਕਈ ਰਾਜਨੀਤਕ ਆਗੂਆਂ ਦੇ ਨਾਂ ਸ਼ਾਮਲ ਕੀਤੇ ਗਏ ਸਨ।
ਸਪੀਕਰ ਦਾ ਕੜਕ ਬਿਆਨ: ਸੰਵਿਧਾਨੀ ਹੱਕਾਂ ਨਾਲ ਖਿਲਵਾੜ
ਸਪੀਕਰ ਵਿਜੇਂਦਰ ਗੁਪਤਾ ਨੇ ਇਸ ਕਾਰਵਾਈ ਨੂੰ ਬਹੁਤ ਹੀ ਮੰਦਭਾਗੀ ਕਰਾਰ ਦਿੰਦਿਆਂ ਕਿਹਾ ਕਿ ਇਹ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਅਧਿਕਾਰਾਂ ‘ਤੇ ਸਿੱਧਾ ਹਮਲਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਵੀਡੀਓ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ, ਉਹ ਸਦਨ ਦੀ ਅਧਿਕਾਰਤ ਰਿਕਾਰਡਿੰਗ ਹੈ ਅਤੇ ਨਿੱਜੀ ਸਮੱਗਰੀ ਨਹੀਂ। ਸਦਨ ਦੀ ਜਾਇਦਾਦ ਨਾਲ ਇਸ ਤਰ੍ਹਾਂ ਸਲੂਕ ਕਰਨਾ ਸੰਵਿਧਾਨਕ ਮਰਿਆਦਾਵਾਂ ਦੇ ਉਲਟ ਹੈ।
ਅਗਲਾ ਕਦਮ ਜਵਾਬਾਂ ਤੋਂ ਬਾਅਦ
ਸਪੀਕਰ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਸ ਵੱਲੋਂ ਦਿੱਤੇ ਜਾਣ ਵਾਲੇ ਜਵਾਬਾਂ ਦੇ ਆਧਾਰ ‘ਤੇ ਹੀ ਅਗਲੀ ਕਾਰਵਾਈ ਬਾਰੇ ਫੈਸਲਾ ਲਿਆ ਜਾਵੇਗਾ। ਦਿੱਲੀ ਵਿਧਾਨ ਸਭਾ ਦੇ ਸੂਤਰਾਂ ਅਨੁਸਾਰ, ਜੇਕਰ ਜਵਾਬ ਸੰਤੋਸ਼ਜਨਕ ਨਾ ਹੋਇਆ ਤਾਂ ਮਾਮਲਾ ਹੋਰ ਗੰਭੀਰ ਰੁਖ਼ ਅਖਤਿਆਰ ਕਰ ਸਕਦਾ ਹੈ।

