ਨਵੀਂ ਦਿੱਲੀ :- ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਪਾਕਿਸਤਾਨ ਨਾਲ ਦੁਵੱਲੇ ਕ੍ਰਿਕਟ ਸਬੰਧਾਂ ਨੂੰ ਬਹਾਲ ਨਹੀਂ ਕਰੇਗਾ। ਭਾਰਤੀ ਟੀਮ ਪਾਕਿਸਤਾਨ ਨਹੀਂ ਜਾਵੇਗੀ ਅਤੇ ਪਾਕਿਸਤਾਨੀ ਟੀਮ ਨੂੰ ਵੀ ਭਾਰਤ ਆਉਣ ਦੀ ਆਗਿਆ ਨਹੀਂ ਮਿਲੇਗੀ। ਹਾਲਾਂਕਿ, ਏਸ਼ੀਆ ਕੱਪ ਅਤੇ ਆਈਸੀਸੀ ਵਰਗੇ ਬਹੁ-ਰਾਸ਼ਟਰੀ ਟੂਰਨਾਮੈਂਟਾਂ ਨੂੰ ਇਸ ਨੀਤੀ ਤੋਂ ਵੱਖਰਾ ਰੱਖਿਆ ਗਿਆ ਹੈ। ਜੇਹੜੇ ਟੂਰਨਾਮੈਂਟ ਨਿਰਪੱਖ ਸਥਾਨ ‘ਤੇ ਹੋਣਗੇ, ਉਨ੍ਹਾਂ ਵਿੱਚ ਭਾਰਤ ਆਪਣੀ ਹਿਸੇਦਾਰੀ ਪੱਕੀ ਕਰੇਗਾ।
14 ਸਤੰਬਰ ਨੂੰ ਹੋਵੇਗਾ ਭਾਰਤ-ਪਾਕਿਸਤਾਨ ਮੁਕਾਬਲਾ
ਖੇਡ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਰਕਾਰ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਅਤੇ ਪਾਕਿਸਤਾਨ ਨਾਲ ਦੁਵੱਲੇ ਮੈਚਾਂ ਦਾ ਕੋਈ ਪ੍ਰਸ਼ਨ ਹੀ ਨਹੀਂ ਉੱਠਦਾ। ਪਰ ਕਿਉਂਕਿ ਏਸ਼ੀਆ ਕੱਪ ਇੱਕ ਬਹੁ-ਰਾਸ਼ਟਰੀ ਟੂਰਨਾਮੈਂਟ ਹੈ, ਇਸ ਲਈ ਟੀਮ ਇੰਡੀਆ ਇਸ ਵਿੱਚ ਹਿੱਸਾ ਲਵੇਗੀ। ਇਸ ਫ਼ੈਸਲੇ ਤੋਂ ਬਾਅਦ 14 ਸਤੰਬਰ ਨੂੰ ਭਾਰਤ-ਪਾਕਿਸਤਾਨ ਮੈਚ ਹੋਣ ਦੀ ਪੁਸ਼ਟੀ ਹੋ ਗਈ ਹੈ, ਜੋ ਸਿਰਫ਼ ਏਸ਼ੀਆ ਕੱਪ ਜਾਂ ਆਈਸੀਸੀ ਟੂਰਨਾਮੈਂਟ ਵਰਗੇ ਮੰਚਾਂ ‘ਤੇ ਹੀ ਸੰਭਵ ਹੋਵੇਗਾ।