ਡੋਡਾ :- ਜੰਮੂ–ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਪੂਰੇ ਦੇਸ਼ ਨੂੰ ਸੋਗ ਵਿੱਚ ਡੁਬੋ ਦਿੱਤਾ। ਭਦਰਵਾਹ–ਚੰਬਾ ਅੰਤਰਰਾਜੀ ਮਾਰਗ ’ਤੇ ਫੌਜ ਦਾ ਇੱਕ ਵਾਹਨ ਅਚਾਨਕ ਬੇਕਾਬੂ ਹੋ ਕੇ ਕਰੀਬ 200 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗਿਆ, ਜਿਸ ਕਾਰਨ 10 ਫੌਜੀ ਜਵਾਨਾਂ ਦੀ ਮੌਤ ਹੋ ਗਈ, ਜਦਕਿ 11 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਉੱਚੇ ਪਹਾੜੀ ਇਲਾਕੇ ਵੱਲ ਜਾ ਰਹੀ ਸੀ ਫੌਜੀ ਟੀਮ
ਫੌਜੀ ਅਧਿਕਾਰੀਆਂ ਅਨੁਸਾਰ ਹਾਦਸੇ ਸਮੇਂ ਵਾਹਨ ਵਿੱਚ ਕੁੱਲ 17 ਜਵਾਨ ਸਵਾਰ ਸਨ। ਇਹ ਸਾਰੇ ਸੈਨਿਕ ਇੱਕ ਉੱਚੇ ਪਹਾੜੀ ਖੇਤਰ ਵਿੱਚ ਸਥਿਤ ਅੱਗਲੀ ਚੌਕੀ ਵੱਲ ਡਿਊਟੀ ਲਈ ਜਾ ਰਹੇ ਸਨ ਕਿ ਖੰਨੀ ਟੌਪ ਦੇ ਨੇੜੇ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਛੁੱਟ ਗਿਆ।
ਬਚਾਅ ਕਾਰਵਾਈ ਦੌਰਾਨ ਮਚੀ ਅਫ਼ਰਾ–ਤਫ਼ਰੀ
ਹਾਦਸੇ ਦੀ ਸੂਚਨਾ ਮਿਲਦੇ ਹੀ ਫੌਜ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਭਾਰੀ ਪਹਾੜੀ ਇਲਾਕਾ ਹੋਣ ਕਾਰਨ ਰੈਸਕਿਊ ਕਾਰਵਾਈ ਕਾਫ਼ੀ ਮੁਸ਼ਕਿਲ ਰਹੀ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਜ਼ਖ਼ਮੀਆਂ ਨੂੰ ਖੱਡ ਵਿਚੋਂ ਬਾਹਰ ਕੱਢਿਆ ਗਿਆ।
ਤਿੰਨ ਜਵਾਨਾਂ ਨੂੰ ਊਧਮਪੁਰ ਮਿਲਟਰੀ ਹਸਪਤਾਲ ਰੈਫ਼ਰ
ਫੌਜੀ ਸੂਤਰਾਂ ਮੁਤਾਬਕ 11 ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਤੁਰੰਤ ਊਧਮਪੁਰ ਸਥਿਤ ਮਿਲਟਰੀ ਹਸਪਤਾਲ ਭੇਜਿਆ ਗਿਆ ਹੈ। ਬਾਕੀ ਜਵਾਨਾਂ ਦਾ ਇਲਾਜ ਸਥਾਨਕ ਸਿਹਤ ਕੇਂਦਰਾਂ ਵਿੱਚ ਜਾਰੀ ਹੈ।
ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ
ਫੌਜ ਵੱਲੋਂ ਹਾਦਸੇ ਦੀ ਅੰਦਰੂਨੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪ੍ਰਾਰੰਭਿਕ ਜਾਣਕਾਰੀ ਅਨੁਸਾਰ ਪਹਾੜੀ ਮੋੜ ਅਤੇ ਫਿਸਲਣ ਵਾਲੀ ਸੜਕ ਹਾਦਸੇ ਦਾ ਮੁੱਖ ਕਾਰਨ ਮੰਨੇ ਜਾ ਰਹੇ ਹਨ, ਹਾਲਾਂਕਿ ਪੂਰੀ ਤਸਵੀਰ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਵੇਗੀ।
ਦੇਸ਼ ਭਰ ’ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ
ਇਸ ਦਰਦਨਾਕ ਹਾਦਸੇ ਤੋਂ ਬਾਅਦ ਫੌਜੀ ਹਲਕਿਆਂ ਸਮੇਤ ਦੇਸ਼ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸ਼ਹੀਦ ਹੋਏ ਜਵਾਨਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਜਤਾਈ ਜਾ ਰਹੀ ਹੈ।