ਚੰਡੀਗੜ੍ਹ :- ਰਾਸ਼ਟਰੀ ਰਾਜਮਾਰਗਾਂ ’ਤੇ ਯਾਤਰਾ ਕਰਨ ਵਾਲੇ ਨਿੱਜੀ ਵਾਹਨ ਮਾਲਕਾਂ ਲਈ 1 ਅਪ੍ਰੈਲ 2026 ਤੋਂ ਸਾਲਾਨਾ ਟੋਲ ਪਾਸ ਦੀ ਫੀਸ ਵਿੱਚ ਵਾਧਾ ਕੀਤਾ ਜਾ ਰਿਹਾ ਹੈ। National Highways Authority of India ਵੱਲੋਂ ਜਾਰੀ ਫ਼ੈਸਲੇ ਅਨੁਸਾਰ ਸਾਲਾਨਾ ਪਾਸ ਦੀ ਕੀਮਤ 3000 ਰੁਪਏ ਤੋਂ ਵਧਾ ਕੇ 3075ਰੁਪਏ ਕਰ ਦਿੱਤੀ ਗਈ ਹੈ। ਨਵੀਂ ਦਰ ਵਿੱਤੀ ਸਾਲ 2025-26 ਲਈ ਲਾਗੂ ਰਹੇਗੀ ਅਤੇ ਇਹ ਸਹੂਲਤ ਸਿਰਫ਼ ਉਹਨਾਂ ਨਿੱਜੀ ਵਾਹਨਾਂ ਲਈ ਹੋਵੇਗੀ ਜਿਨ੍ਹਾਂ ’ਤੇ ਕਿਰਿਆਸ਼ੀਲ ਫਾਸਟੈਗ ਲੱਗਾ ਹੋਇਆ ਹੈ।
ਇੱਕ ਸਾਲ ਜਾਂ ੨੦੦ ਟੋਲ ਕਰਾਸਿੰਗ ਤੱਕ ਹੀ ਰਹੇਗੀ ਵੈਧਤਾ
ਨਵੇਂ ਪ੍ਰਬੰਧ ਅਨੁਸਾਰ 3075 ਰੁਪਏ ਦੇ ਸਾਲਾਨਾ ਪਾਸ ਦੀ ਮਿਆਦ ਇੱਕ ਸਾਲ ਜਾਂ 200 ਟੋਲ ਕਰਾਸਿੰਗਾਂ ਤੱਕ, ਜੋ ਵੀ ਪਹਿਲਾਂ ਪੂਰੀ ਹੋਵੇ, ਤੱਕ ਹੀ ਮੰਨੀ ਜਾਵੇਗੀ। ਜੇਕਰ ਵਾਹਨ ਮਾਲਕ ੨੦੦ ਵਾਰ ਟੋਲ ਪਲਾਜ਼ਾ ਪਾਰ ਕਰ ਲੈਂਦਾ ਹੈ ਤਾਂ ਪਾਸ ਦੀ ਮਿਆਦ ਆਪਣੇ ਆਪ ਸਮਾਪਤ ਹੋ ਜਾਵੇਗੀ, ਭਾਵੇਂ ਇੱਕ ਸਾਲ ਦੀ ਮਿਆਦ ਹਜੇ ਪੂਰੀ ਨਾ ਹੋਈ ਹੋਵੇ।
ਟੋਲ ਪਲਾਜ਼ਿਆਂ ਨੂੰ ਨਵੀਆਂ ਦਰਾਂ ਲਾਗੂ ਕਰਨ ਦੇ ਨਿਰਦੇਸ਼
ਅਧਿਕਾਰੀਆਂ ਨੇ ਸਾਰੇ ਟੋਲ ਪਲਾਜ਼ਿਆਂ ਅਤੇ ਸੰਬੰਧਿਤ ਵਿਭਾਗਾਂ ਨੂੰ ੧ ਅਪ੍ਰੈਲ ਤੋਂ ਨਵੀਂ ਫੀਸ ਲਾਗੂ ਕਰਨ ਲਈ ਕਿਹਾ ਹੈ। ਨਾਲ ਹੀ ਯਾਤਰੀਆਂ ਅਤੇ ਹੋਰ ਹਿੱਸੇਦਾਰਾਂ ਤੱਕ ਇਸ ਬਾਰੇ ਜਾਣਕਾਰੀ ਪਹੁੰਚਾਉਣ ਲਈ ਵੀ ਕਿਹਾ ਗਿਆ ਹੈ। ਸਰਕਾਰੀ ਨੀਤੀ ਅਨੁਸਾਰ ਟੋਲ ਦਰਾਂ ਦੀ ਸਮੀਖਿਆ ਹਰ ਸਾਲ ਕੀਤੀ ਜਾਂਦੀ ਹੈ ਅਤੇ ਇਸ ਮਿਆਰੀ ਪ੍ਰਕਿਰਿਆ ਦੇ ਤਹਿਤ ਇਸ ਵਾਰ ਸਾਲਾਨਾ ਪਾਸ ਦੀ ਕੀਮਤ ਵਿੱਚ ਹਲਕਾ ਵਾਧਾ ਕੀਤਾ ਗਿਆ ਹੈ।
ਰੋਜ਼ਾਨਾ ਯਾਤਰਾ ਕਰਨ ਵਾਲਿਆਂ ਲਈ ਸੁਵਿਧਾਜਨਕ ਵਿਕਲਪ
ਰਾਸ਼ਟਰੀ ਰਾਜਮਾਰਗਾਂ ’ਤੇ ਅਕਸਰ ਯਾਤਰਾ ਕਰਨ ਵਾਲੇ ਵਾਹਨ ਚਾਲਕਾਂ ਲਈ ਸਾਲਾਨਾ ਟੋਲ ਪਾਸ ਇੱਕ ਆਸਾਨ ਅਤੇ ਲਾਭਕਾਰੀ ਵਿਕਲਪ ਮੰਨਿਆ ਜਾਂਦਾ ਹੈ। ਇਸ ਨਾਲ ਹਰ ਵਾਰ ਟੋਲ ਪਲਾਜ਼ਾ ’ਤੇ ਅਲੱਗ-ਅਲੱਗ ਭੁਗਤਾਨ ਕਰਨ ਦੀ ਲੋੜ ਨਹੀਂ ਰਹਿੰਦੀ ਅਤੇ ਯਾਤਰਾ ਵੀ ਤੇਜ਼ੀ ਨਾਲ ਹੋ ਜਾਂਦੀ ਹੈ।
ਸਾਲਾਨਾ ਟੋਲ ਪਾਸ ਲੈਣ ਦੀ ਪ੍ਰਕਿਰਿਆ
ਮੋਟਰ ਚਾਲਕ ਸਾਲਾਨਾ ਟੋਲ ਪਾਸ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ, ਪਰ ਇਸ ਲਈ ਵਾਹਨ ’ਤੇ ਸਰਗਰਮ ਫਾਸਟੈਗ ਹੋਣਾ ਲਾਜ਼ਮੀ ਹੈ। ਵਾਹਨ ਮਾਲਕ ਉਸ ਬੈਂਕ ਜਾਂ ਐਪ ਰਾਹੀਂ, ਜਿਸ ਨੇ ਫਾਸਟੈਗ ਜਾਰੀ ਕੀਤਾ ਹੈ, ਜਾਂ ਸੰਬੰਧਿਤ ਪੋਰਟਲ ’ਤੇ ਲੌਗਇਨ ਕਰਕੇ ਅਰਜ਼ੀ ਦੇ ਸਕਦੇ ਹਨ। ਨਿਰਧਾਰਤ ਫੀਸ ਆਨਲਾਈਨ ਭੁਗਤਾਨ ਕਰਨ ਤੋਂ ਬਾਅਦ ਇਹ ਪਾਸ ਫਾਸਟੈਗ ਨਾਲ ਜੁੜ ਜਾਂਦਾ ਹੈ ਅਤੇ ਫਿਰ ਟੋਲ ਪਲਾਜ਼ਿਆਂ ’ਤੇ ਵੱਖਰਾ ਭੁਗਤਾਨ ਕਰਨ ਦੀ ਲੋੜ ਨਹੀਂ ਰਹਿੰਦੀ।

