ਚੰਡੀਗੜ੍ਹ :- ਅਕਸਰ ਲੋਕ ਸਵੇਰੇ ਨੀਂਦ ਖੁੱਲ੍ਹਦੇ ਹੀ ਸਿਰ ਵਿੱਚ ਭਾਰ, ਜਕੜਨ ਜਾਂ ਤੇਜ਼ ਦਰਦ ਮਹਿਸੂਸ ਕਰਦੇ ਹਨ ਅਤੇ ਇਸਨੂੰ ਆਮ ਗੱਲ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਹ ਸਮੱਸਿਆ ਲਗਾਤਾਰ ਜਾਂ ਵਾਰ-ਵਾਰ ਆ ਰਹੀ ਹੈ, ਤਾਂ ਇਹ ਸਰੀਰ ਦੇ ਅੰਦਰ ਚੱਲ ਰਹੀ ਕਿਸੇ ਗੰਭੀਰ ਤਬਦੀਲੀ ਵੱਲ ਇਸ਼ਾਰਾ ਕਰ ਸਕਦੀ ਹੈ। ਸਵੇਰੇ ਦਾ ਸਿਰ ਦਰਦ ਕਈ ਵਾਰ ਜੀਵਨਸ਼ੈਲੀ, ਨੀਂਦ ਅਤੇ ਸਾਸ-ਸਬੰਧੀ ਸਮੱਸਿਆਵਾਂ ਨਾਲ ਵੀ ਜੁੜਿਆ ਹੁੰਦਾ ਹੈ।
ਨੀਂਦ ਪੂਰੀ ਨਾ ਹੋਣਾ ਬਣ ਸਕਦਾ ਹੈ ਵੱਡੀ ਵਜ੍ਹਾ
ਰਾਤ ਨੂੰ ਠੀਕ ਤਰ੍ਹਾਂ ਨੀਂਦ ਨਾ ਆਉਣਾ, ਵਾਰ-ਵਾਰ ਅੱਖ ਖੁੱਲ੍ਹਣਾ ਜਾਂ ਦੇਰ ਰਾਤ ਤੱਕ ਮੋਬਾਈਲ ਅਤੇ ਸਕ੍ਰੀਨ ਵਰਤਣਾ ਦਿਮਾਗ ਨੂੰ ਪੂਰਾ ਆਰਾਮ ਨਹੀਂ ਦੇਂਦਾ। ਨਤੀਜੇ ਵਜੋਂ ਦਿਮਾਗੀ ਦਬਾਅ ਵਧ ਜਾਂਦਾ ਹੈ ਅਤੇ ਸਵੇਰੇ ਉਠਦੇ ਹੀ ਸਿਰ ਦਰਦ ਮਹਿਸੂਸ ਹੋ ਸਕਦਾ ਹੈ।
ਮਾਨਸਿਕ ਤਣਾਅ ਵੀ ਦਿੰਦਾ ਹੈ ਸਿਰ ਦਰਦ ਦਾ ਸੰਕੇਤ
ਲਗਾਤਾਰ ਚਿੰਤਾ, ਦਬਾਅ ਜਾਂ ਟੈਂਸ਼ਨ ਕਾਰਨ ਗਰਦਨ ਅਤੇ ਮੋਢਿਆਂ ਦੀਆਂ ਮਾਸਪੇਸ਼ੀਆਂ ਕਸ ਜਾਂਦੀਆਂ ਹਨ। ਇਸ ਨਾਲ ਖੂਨ ਦੀ ਗਤੀ ਰੁਕਦੀ ਹੈ ਅਤੇ ਸਵੇਰੇ ਸਿਰ ਵਿੱਚ ਜਕੜਨ ਜਾਂ ਦਰਦ ਸ਼ੁਰੂ ਹੋ ਜਾਂਦਾ ਹੈ, ਜਿਸਨੂੰ ਆਮ ਤੌਰ ’ਤੇ ਟੈਨਸ਼ਨ ਹੈਡੇਕ ਕਿਹਾ ਜਾਂਦਾ ਹੈ।
ਮਾਈਗ੍ਰੇਨ ਵਾਲਿਆਂ ਲਈ ਸਵੇਰ ਹੋ ਸਕਦੀ ਹੈ ਔਖੀ
ਜਿਨ੍ਹਾਂ ਨੂੰ ਮਾਈਗ੍ਰੇਨ ਦੀ ਸਮੱਸਿਆ ਹੈ, ਉਨ੍ਹਾਂ ਵਿੱਚ ਸਵੇਰੇ ਦਰਦ ਹੋਣਾ ਕਾਫ਼ੀ ਆਮ ਹੈ। ਨੀਂਦ ਦੀ ਘਾਟ, ਖਾਲੀ ਪੇਟ ਸੌਣਾ, ਮੌਸਮ ਵਿੱਚ ਬਦਲਾਅ ਜਾਂ ਤੇਜ਼ ਰੋਸ਼ਨੀ ਮਾਈਗ੍ਰੇਨ ਨੂੰ ਭੜਕਾ ਸਕਦੀ ਹੈ, ਜਿਸ ਨਾਲ ਸਵੇਰ ਦੀ ਸ਼ੁਰੂਆਤ ਦਰਦ ਨਾਲ ਹੁੰਦੀ ਹੈ।
ਸਲੀਪ ਏਪਨੀਆ — ਇੱਕ ਲੁਕਿਆ ਖ਼ਤਰਾ
ਸੌਂਦੇ ਸਮੇਂ ਸਾਹ ਰੁਕ-ਰੁਕ ਕੇ ਆਉਣਾ ਸਲੀਪ ਏਪਨੀਆ ਦੀ ਨਿਸ਼ਾਨੀ ਹੋ ਸਕਦਾ ਹੈ। ਇਸ ਦੌਰਾਨ ਦਿਮਾਗ ਤੱਕ ਆਕਸੀਜਨ ਪੂਰੀ ਮਾਤਰਾ ਵਿੱਚ ਨਹੀਂ ਪਹੁੰਚਦੀ, ਜਿਸ ਨਾਲ ਸਵੇਰੇ ਉਠਦੇ ਹੀ ਤੇਜ਼ ਸਿਰ ਦਰਦ, ਚੱਕਰ ਜਾਂ ਥਕਾਵਟ ਮਹਿਸੂਸ ਹੁੰਦੀ ਹੈ। ਲਗਾਤਾਰ ਉੱਚੀ ਆਵਾਜ਼ ਵਿੱਚ ਖਰਾਟੇ ਮਾਰਨਾ ਵੀ ਇਸਦਾ ਲੱਛਣ ਹੋ ਸਕਦਾ ਹੈ।
ਪਾਣੀ ਦੀ ਕਮੀ ਵੀ ਬਣਦੀ ਹੈ ਕਾਰਨ
ਰਾਤ ਦੌਰਾਨ ਸਰੀਰ ਨੂੰ ਲੋੜ ਅਨੁਸਾਰ ਪਾਣੀ ਨਾ ਮਿਲਣ ਨਾਲ ਡਿਹਾਈਡ੍ਰੇਸ਼ਨ ਹੋ ਸਕਦੀ ਹੈ। ਇਸ ਨਾਲ ਖੂਨ ਦੀਆਂ ਨਲੀਆਂ ਸੁੱਕੜ ਜਾਂਦੀਆਂ ਹਨ ਅਤੇ ਦਿਮਾਗ ਤੱਕ ਆਕਸੀਜਨ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਸਵੇਰੇ ਸਿਰ ਦਰਦ ਸ਼ੁਰੂ ਹੋ ਸਕਦਾ ਹੈ।
ਸ਼ਰਾਬ ਅਤੇ ਕੈਫੀਨ ਦਾ ਅਸਰ
ਰਾਤ ਨੂੰ ਸ਼ਰਾਬ ਪੀਣ ਜਾਂ ਬਹੁਤ ਜ਼ਿਆਦਾ ਚਾਹ-ਕੌਫੀ ਲੈਣ ਨਾਲ ਨੀਂਦ ਦੀ ਗੁਣਵੱਤਾ ਖਰਾਬ ਹੁੰਦੀ ਹੈ। ਇਸਦੇ ਨਾਲ ਹੀ, ਜੋ ਲੋਕ ਰੋਜ਼ਾਨਾ ਕੈਫੀਨ ਲੈਂਦੇ ਹਨ ਅਤੇ ਅਚਾਨਕ ਇਸਨੂੰ ਘਟਾ ਦਿੰਦੇ ਹਨ, ਉਨ੍ਹਾਂ ਨੂੰ ਵੀ ਸਵੇਰੇ ਸਿਰ ਦਰਦ ਦੀ ਸਮੱਸਿਆ ਆ ਸਕਦੀ ਹੈ।
ਕਦੋਂ ਲੈਣੀ ਚਾਹੀਦੀ ਹੈ ਡਾਕਟਰ ਦੀ ਸਲਾਹ
ਜੇ ਸਵੇਰੇ ਸਿਰ ਦਰਦ ਹਫ਼ਤੇ ਵਿੱਚ ਕਈ ਵਾਰ ਆਵੇ, ਦਰਦ ਬਹੁਤ ਤੇਜ਼ ਹੋਵੇ ਜਾਂ ਇਸਦੇ ਨਾਲ ਚੱਕਰ, ਸਾਹ ਲੈਣ ਵਿੱਚ ਦਿੱਕਤ ਜਾਂ ਅੱਖਾਂ ਅੱਗੇ ਧੁੰਦ ਆਉਣੀ ਸ਼ੁਰੂ ਹੋ ਜਾਵੇ, ਤਾਂ ਇਸਨੂੰ ਹਲਕੇ ਵਿੱਚ ਨਾ ਲਿਆ ਜਾਵੇ। ਐਸੇ ਵਿੱਚ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਜ਼ਰੂਰੀ ਹੈ।
ਸਵੇਰੇ ਸਿਰ ਦਰਦ ਤੋਂ ਬਚਣ ਲਈ ਕੀ ਕੀਤਾ ਜਾਵੇ
ਰੋਜ਼ ਇਕੋ ਸਮੇਂ ਸੌਣ ਅਤੇ ਜਾਗਣ ਦੀ ਆਦਤ ਬਣਾਓ। ਦਿਨ ਭਰ ਪਾਣੀ ਪੀਣ ਦਾ ਧਿਆਨ ਰੱਖੋ। ਸੌਣ ਤੋਂ ਪਹਿਲਾਂ ਸ਼ਰਾਬ, ਚਾਹ ਅਤੇ ਕੌਫੀ ਤੋਂ ਪਰਹੇਜ਼ ਕਰੋ। ਨੀਂਦ ਲਈ ਸ਼ਾਂਤ ਅਤੇ ਆਰਾਮਦਾਇਕ ਮਾਹੌਲ ਬਣਾਓ। ਇਹ ਛੋਟੀਆਂ ਪਰ ਮਹੱਤਵਪੂਰਨ ਆਦਤਾਂ ਅਪਣਾਕੇ ਸਵੇਰੇ ਦੇ ਸਿਰ ਦਰਦ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ।

