ਚੰਡੀਗੜ੍ਹ :- ਨੋਵੋ ਨੋਰਡਿਸਕ ਨੇ ਭਾਰਤ ਵਿੱਚ ਆਪਣੀ ਪ੍ਰਸਿੱਧ ਦਵਾਈ ਔਜ਼ੈਂਪਿਕ (Ozempic) ਨੂੰ ਲਾਂਚ ਕਰਕੇ ਡਾਇਬੀਟੀਜ਼ ਮਰੀਜ਼ਾਂ ਲਈ ਇੱਕ ਨਵੀਂ ਸ਼ੁਰੂਆਤ ਕੀਤੀ ਹੈ। ਹਫ਼ਤੇ ਵਿੱਚ ਇੱਕ ਵਾਰ ਲੱਗਣ ਵਾਲੇ ਇਸ ਟੀਕੇ ਦੀ ਪ੍ਰਤੀ ਮਹੀਨਾ ਕੀਮਤ 8,800 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਦਵਾਈ ਟਾਈਪ-2 ਸ਼ੂਗਰ ਵਾਲੇ ਉਹਨਾਂ ਬਾਲਗਾਂ ਲਈ ਮਨਜ਼ੂਰ ਕੀਤੀ ਗਈ ਹੈ ਜਿਨ੍ਹਾਂ ਦਾ ਸ਼ੂਗਰ ਲੈਵਲ ਖੁਰਾਕ ਅਤੇ ਕਸਰਤ ਨਾਲ ਕੰਟਰੋਲ ਨਹੀਂ ਹੋ ਰਿਹਾ ਸੀ।
ਡੋਜ਼ਾਂ ਦੀਆਂ ਤਿੰਨ ਚੋਣਾਂ, ਇੱਕੋ ਪੈਨ ਚਾਰ ਹਫ਼ਤੇ ਲਈ ਕਾਫ਼ੀ
ਓਜ਼ੈਂਪਿਕ ਨੂੰ ਤਿੰਨ ਡੋਜ਼ਾਂ—0.25 mg, 0.5 mg ਅਤੇ 1 mg—ਵਿੱਚ ਇੱਕ ਪ੍ਰੀ-ਫਿਲਡ ਸਿੰਗਲ-ਯੂਜ਼ ਪੈਨ ਦੇ ਤੌਰ ’ਤੇ ਉਪਲਬਧ ਕਰਾਇਆ ਗਿਆ ਹੈ। ਹਰ ਪੈਨ ਵਿੱਚ ਚਾਰ ਹਫ਼ਤਿਆਂ ਲਈ ਹਫ਼ਤੇਵਾਰ ਇਕ-ਇਕ ਖੁਰਾਕ ਸ਼ਾਮਲ ਹੈ। 0.25 mg ਡੋਜ਼ ਦੀ ਕੀਮਤ 8,800 ਰੁਪਏ, 0.5 mg ਦੀ 10,170 ਰੁਪਏ ਅਤੇ 1 mg ਦੀ 11,175 ਰੁਪਏ ਰੱਖੀ ਗਈ ਹੈ।
ਭੁੱਖ ਘਟਾਉਣ ਤੋਂ ਲੈ ਕੇ ਸ਼ੂਗਰ ਕੰਟਰੋਲ ਤੱਕ—ਦੋਹਰਾ ਲਾਭ
ਸੈਮਾਗਲੂਟਾਈਡ ਅਧਾਰਤ ਇਹ ਇੰਜੈਕਸ਼ਨ GLP-1 ਰੀਸੈਪਟਰ ਐਗੋਨਿਸਟ ਹੈ, ਜੋ ਸਰੀਰ ਦੇ ਗਲੂਕੋਜ਼ ਕੰਟਰੋਲ ਨੂੰ ਸੁਧਾਰਦਾ ਹੈ। ਇਹ ਦਵਾਈ ਦਿਮਾਗ ਦੇ ਉਹ ਹਿੱਸੇ ’ਤੇ ਅਸਰ ਕਰਦੀ ਹੈ ਜਿਥੇ ਭੁੱਖ ਅਤੇ ਖਾਣ ਦੀ ਲੋੜ ਬਾਰੇ ਸੰਕੇਤ ਬਣਦੇ ਹਨ, ਜਿਸ ਨਾਲ ਮਰੀਜ਼ ਦੀ ਭੁੱਖ ਘਟਦੀ ਅਤੇ ਭਾਰ ਕਬਜ਼ੇ ’ਚ ਰਹਿੰਦਾ ਹੈ। ਇਸਦੇ ਨਾਲ-ਨਾਲ ਇਹ ਦਿਲ ਅਤੇ ਗੁਰਦਿਆਂ ਨਾਲ ਜੁੜੀਆਂ ਭਵਿੱਖੀ ਪੇਚੀਦਗੀਆਂ ਦੇ ਖ਼ਤਰਿਆਂ ਨੂੰ ਵੀ ਘਟਾਉਂਦੀ ਹੈ।
ਅਮਰੀਕਾ ’ਚ 2017 ਤੋਂ ਮਨਜ਼ੂਰ, ਹੁਣ ਭਾਰਤ ’ਚ ਮਰੀਜ਼ਾਂ ਦੀ ਉਮੀਦ
ਅਮਰੀਕੀ FDA ਵੱਲੋਂ 2017 ਵਿੱਚ ਮਨਜ਼ੂਰੀ ਤੋਂ ਬਾਅਦ, ਔਜ਼ੈਂਪਿਕ ਦੁਨੀਆ ਭਰ ਵਿੱਚ ਭਾਰ ਘਟਾਉਣ ਅਤੇ ਸ਼ੂਗਰ ਕੰਟਰੋਲ ਦੋਹੀਂ ਲਈ ਤੇਜ਼ੀ ਨਾਲ ਪ੍ਰਸਿੱਧ ਹੋਈ। ਨੋਵੋ ਨੋਰਡਿਸਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਵਿਕਰਾਂਤ ਸ਼੍ਰੋਤਰੀਆ ਦੇ ਅਨੁਸਾਰ, ਭਾਰਤ ਵਿੱਚ ਇਸ ਦਵਾਈ ਦੀ ਆਮਦ “ਡਾਇਬੀਟੀਜ਼ ਮਰੀਜ਼ਾਂ ਲਈ ਇੱਕ ਮੀਲ ਪੱਥਰ” ਹੈ ਅਤੇ ਇਹ ਲੰਬੇ ਸਮੇਂ ਲਈ ਦਿਲ ਤੇ ਗੁਰਦੇ ਦੀ ਸਿਹਤ ਲਈ ਵੀ ਲਾਭਦਾਇਕ ਸਾਬਤ ਹੋਵੇਗੀ।

