ਕੁਰੂਕਸ਼ੇਤਰ: ਪੰਜਾਬ ਦੀ ਤਰਜ਼ ‘ਤੇ ਹੁਣ ਹਰਿਆਣਾ ਸਰਕਾਰ ਵੀ ਸਿੱਖ ਇਤਿਹਾਸ ਨੂੰ ਉਜਾਗਰ ਕਰਨ ਲਈ ਵੱਡਾ ਕਦਮ ਚੁੱਕ ਰਹੀ ਹੈ। ਸੂਤਰਾਂ ਦੇ ਮੁਤਾਬਕ, ਕੁਰੂਕਸ਼ੇਤਰ ਵਿੱਚ 3 ਏਕੜ ਜ਼ਮੀਨ ‘ਤੇ ਸਿੱਖ ਧਰਮ ਦੇ ਇਤਿਹਾਸ ਨੂੰ ਦਰਸਾਉਂਦਾ ਇੱਕ ਅਧੁਨਿਕ ਅਜਾਇਬ ਘਰ ਬਣਾਇਆ ਜਾਵੇਗਾ, ਜਿਸ ਲਈ ਲਗਭਗ 115 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ।
ਅਜਾਇਬ ਘਰ ‘ਚ ਹੋਣਗੇ ਇਹ ਆਕਰਸ਼ਣ:
ਇਸ ਯੋਜਨਾ ਵਿੱਚ ਇੱਕ ਥੀਏਟਰ, ਮੈਡੀਟੇਸ਼ਨ ਹਾਲ, ਲਾਈਟ ਐਂਡ ਸਾਊਂਡ ਸ਼ੋਅ ਅਤੇ ਇੱਕ ਸੰਗੀਤਕ ਫੁਹਾਰਾ ਸ਼ਾਮਲ ਹੋਵੇਗਾ। ਇਹ ਅਜਾਇਬ ਘਰ ਸਿੱਖ ਧਰਮ ਦੀ ਸ਼ੁਰੂਆਤ, ਖ਼ਾਲਸਾ ਪੰਥ ਦੀ ਸਥਾਪਨਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਇਤਿਹਾਸ ‘ਤੇ ਕੇਂਦਰਿਤ ਹੋਵੇਗਾ।
ਅਧਿਕਾਰਕ ਜਾਣਕਾਰੀ ਅਨੁਸਾਰ, ਨਵੰਬਰ 2025 ਤੱਕ ਇਸ ਯੋਜਨਾ ਦਾ ਨੀਂਹ ਪੱਥਰ ਰੱਖਿਆ ਜਾ ਸਕਦਾ ਹੈ ਅਤੇ 2 ਸਾਲਾਂ ਦੇ ਅੰਦਰ ਇਹ ਦਰਸ਼ਕਾਂ ਲਈ ਖੋਲ੍ਹਿਆ ਜਾ ਸਕੇਗਾ।
ਗੁਰੂ ਰਵਿਦਾਸ ਅਜਾਇਬ ਘਰ ਵੀ ਬਣੇਗਾ:
ਸਿਰਫ ਸਿੱਖ ਧਰਮ ਨਹੀਂ, ਸੂਤਰਾਂ ਅਨੁਸਾਰ ਹਰਿਆਣਾ ਸਰਕਾਰ ਕੁਰੂਕਸ਼ੇਤਰ ਵਿੱਚ ਹੀ 5 ਏਕੜ ਵਿਚ ਸ੍ਰੀ ਗੁਰੂ ਰਵਿਦਾਸ ਜੀ ਨਾਲ ਸੰਬੰਧਿਤ ਇੱਕ ਵੱਖਰਾ ਅਜਾਇਬ ਘਰ ਬਣਾਉਣ ਦੀ ਤਿਆਰੀ ਵੀ ਕਰ ਰਹੀ ਹੈ।
ਇਹ ਉਪਰਾਲੇ 2027 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸਿੱਖ ਵੋਟਰਾਂ ਨੂੰ ਆਕਰਸ਼ਿਤ ਕਰਨ ਦੀ ਭਾਜਪਾ ਸਰਕਾਰ ਦੀ ਕੋਸ਼ਿਸ਼ ਵਜੋਂ ਵੇਖੇ ਜਾ ਰਹੇ ਹਨ। ਮੁੱਖ ਮੰਤਰੀ ਅਜਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਰਕਾਰ ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਉਭਾਰਨ ਲਈ ਨਵੇਂ ਪੱਧਰ ‘ਤੇ ਕੰਮ ਕਰ ਰਹੀ ਹੈ।