ਹਰਿਆਣਾ :- ਹਰਿਆਣਾ ਦੇ ਰੇਵਾੜੀ ਸ਼ਹਿਰ ਲਈ ਮਾਣ ਵਾਲਾ ਪਲ ਉਸ ਵੇਲੇ ਬਣਿਆ, ਜਦੋਂ ਯਾਦਵ ਨਗਰ ਅਤੇ ਜੱਦੀ ਪਿੰਡ ਕੁੰਭਵਾਸ ਦਾ ਰਹਿਣ ਵਾਲਾ ਬਾਦਲ ਯਾਦਵ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣ ਕੇ ਆਪਣੇ ਘਰ ਵਾਪਸ ਪਹੁੰਚਿਆ। ਫੌਜੀ ਅਫਸਰ ਬਣਨ ਤੋਂ ਬਾਅਦ ਪਹਿਲੀ ਵਾਰ ਜੱਦੀ ਇਲਾਕੇ ਆਉਣ ‘ਤੇ ਲੋਕਾਂ ਵੱਲੋਂ ਉਸ ਦਾ ਭਰਵਾਂ ਤੇ ਯਾਦਗਾਰ ਸਵਾਗਤ ਕੀਤਾ ਗਿਆ।
ਸ਼ਿਵ ਮੰਦਰ ਤੋਂ ਘਰ ਤੱਕ ਕੱਢੀ ਗਈ ਸਵਾਗਤੀ ਯਾਤਰਾ
ਬੁੱਧਪੁਰ ਰੋਡ ‘ਤੇ ਸਥਿਤ ਕੰਕਰ ਵਾਲੀ ਬਾਗੀਚੀ ਦੇ ਸ਼ਿਵ ਮੰਦਰ ਤੋਂ ਲੈ ਕੇ ਯਾਦਵ ਨਗਰ ਵਿਚਲੇ ਘਰ ਤੱਕ ਲੈਫਟੀਨੈਂਟ ਬਾਦਲ ਯਾਦਵ ਨੂੰ ਥਾਰ ਗੱਡੀ ਵਿੱਚ ਲਿਆਂਦਾ ਗਿਆ। ਇਸ ਦੌਰਾਨ ਰਸਤੇ ਭਰ ਲੋਕਾਂ ਨੇ ਫੁੱਲ ਵਰ੍ਹਾਏ, ਨਾਰੇ ਲਗਾਏ ਅਤੇ ਡੀਜੇ ਦੀ ਧੁਨ ‘ਤੇ ਨੱਚ-ਗਾ ਕੇ ਆਪਣੀ ਖੁਸ਼ੀ ਜਤਾਈ। ਪੂਰੇ ਇਲਾਕੇ ਵਿੱਚ ਤਿਉਹਾਰ ਵਰਗਾ ਮਾਹੌਲ ਬਣਿਆ ਰਿਹਾ।
ਪਰਿਵਾਰ ਲਈ ਮਾਣ ਦਾ ਦਿਨ
ਬਾਦਲ ਯਾਦਵ ਦੀ ਮਾਂ ਸੰਤੋਸ਼ ਯਾਦਵ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਲਈ ਜੀਵਨ ਦਾ ਸਭ ਤੋਂ ਵੱਡਾ ਮਾਣ ਹੈ। ਉਨ੍ਹਾਂ ਨੌਜਵਾਨਾਂ ਨੂੰ ਸਿੱਖਿਆ ਨੂੰ ਆਪਣਾ ਹਥਿਆਰ ਬਣਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਪਿਤਾ ਅਸ਼ੋਕ ਯਾਦਵ, ਜੋ ਖੁਦ ਭਾਰਤੀ ਫੌਜ ਤੋਂ ਸੇਵਾਮੁਕਤ ਕੈਪਟਨ ਹਨ, ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਦੇਸ਼ ਦੀ ਸੇਵਾ ਕਰਦਾ ਆ ਰਿਹਾ ਹੈ।
ਤਿੰਨ ਪੀੜ੍ਹੀਆਂ ਤੋਂ ਫੌਜ ਨਾਲ ਨਾਤਾ
ਪਰਿਵਾਰਕ ਇਤਿਹਾਸ ਵੀ ਦੇਸ਼ ਸੇਵਾ ਨਾਲ ਜੁੜਿਆ ਹੋਇਆ ਹੈ। ਬਾਦਲ ਯਾਦਵ ਦੇ ਦਾਦਾ ਸਵਰਗੀ ਮਤਾਦੀਨ 1970 ਵਿੱਚ ਸੂਬੇਦਾਰ ਵਜੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦੇ ਚਾਚਾ ਮਦਨ ਲਾਲ ਨੇ ਵੀ ਫੌਜ ਵਿੱਚ ਸੇਵਾਵਾਂ ਨਿਭਾਈਆਂ, ਜਦਕਿ ਨਾਨਾ ਧਨ ਸਿੰਘ 1993 ਵਿੱਚ ਆਨਰੇਰੀ ਕੈਪਟਨ ਦੇ ਅਹੁਦੇ ਤੋਂ ਰਿਟਾਇਰ ਹੋਏ।
ਸਿਖਲਾਈ ਦੌਰਾਨ ਮਿਲਿਆ ਖਾਸ ਸਨਮਾਨ
ਲੈਫਟੀਨੈਂਟ ਬਾਦਲ ਯਾਦਵ ਨੇ ਫੌਜੀ ਸਿਖਲਾਈ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਤੋਂ ਕਮਾਂਡੈਂਟ ਸਿਲਵਰ ਮੈਡਲ ਹਾਸਲ ਕੀਤਾ। ਉਹ ਹੁਣ ਭਾਰਤੀ ਫੌਜ ਦੀ ਇੰਜੀਨੀਅਰ ਰੈਜੀਮੈਂਟ ਵਿੱਚ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਨੇ ਸੈਨਿਕ ਸਕੂਲ, ਰੇਵਾੜੀ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਪਹਿਲੀ ਕੋਸ਼ਿਸ਼ ਵਿੱਚ ਹੀ ਐਨਡੀਏ ਦੀ ਪ੍ਰੀਖਿਆ ਪਾਸ ਕਰ ਕੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ।
ਨੌਜਵਾਨਾਂ ਲਈ ਬਣਿਆ ਪ੍ਰੇਰਨਾ ਸਰੋਤ
ਕੁੰਭਵਾਸ ਪਿੰਡ ਸਮੇਤ ਪੂਰੇ ਖੇਤਰ ਵਿੱਚ ਬਾਦਲ ਯਾਦਵ ਦੀ ਸਫਲਤਾ ਨੂੰ ਨੌਜਵਾਨਾਂ ਲਈ ਪ੍ਰੇਰਣਾ ਮੰਨਿਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਉਪਲਬਧੀ ਨਾਲ ਕੁੰਭਵਾਸ ਦਾ ਨਾਮ ਰਾਜ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ ‘ਤੇ ਵੀ ਚਮਕਿਆ ਹੈ। ਇਸ ਮੌਕੇ ਸੈਂਕੜੇ ਪਤਵੰਤੇ, ਸਮਾਜਿਕ ਅਗੂ ਅਤੇ ਪਿੰਡ ਵਾਸੀ ਹਾਜ਼ਰ ਰਹੇ।

