ਹਰਿਆਣਾ :- ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਮਾਦ ਅਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਅਕਾਲ ਚਲਾਣਾ ਕਰ ਜਾਣ ‘ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅੱਜ ਨਾਭਾ ਬਲਾਕ ਦੇ ਪਿੰਡ ਟੋਹੜਾ ਪਹੁੰਚੇ। ਉਨ੍ਹਾਂ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਟੌਹੜਾ ਪਰਿਵਾਰ ਨਾਲ ਮਿਲ ਕੇ ਸੰਵੇਦਨਾ ਪ੍ਰਗਟਾਈ।
“ਹਰਮੇਲ ਸਿੰਘ ਟੌਹੜਾ ਲੋਕਾਂ ਦੇ ਸੱਚੇ ਹਮਦਰਦ ਸਨ” – ਸੀਐਮ ਸੈਣੀ
ਮੀਡੀਆ ਨਾਲ ਗੱਲਬਾਤ ਕਰਦਿਆਂ ਸੀਐਮ ਨਾਇਬ ਸੈਣੀ ਨੇ ਕਿਹਾ ਕਿ ਹਰਮੇਲ ਸਿੰਘ ਟੌਹੜਾ ਹਮੇਸ਼ਾਂ ਪੰਜਾਬੀਆਂ ਦੇ ਸੁੱਖ-ਦੁੱਖ ਵਿੱਚ ਸਾਥ ਨਿਭਾਉਂਦੇ ਰਹੇ। ਉਹਨਾਂ ਨੂੰ ਲੋਕਾਂ ਵੱਲੋਂ ਪਿਆਰ ਤੇ ਇਜ਼ਤ ਮਿਲੀ ਅਤੇ ਪਾਰਟੀ ਦੀ ਹਰ ਜ਼ਿੰਮੇਵਾਰੀ ਨੂੰ ਉਹਨਾਂ ਨੇ ਇਮਾਨਦਾਰੀ ਨਾਲ ਨਿਭਾਇਆ। ਉਨ੍ਹਾਂ ਕਿਹਾ, “ਟੌਹੜਾ ਸਾਹਿਬ ਹੁਣ ਸਾਡੇ ਵਿਚਕਾਰ ਨਹੀਂ ਹਨ ਪਰ ਉਹਨਾਂ ਦੀਆਂ ਯਾਦਾਂ ਅਤੇ ਉਹਨਾਂ ਦੀ ਲੋਕ-ਸੇਵਾ ਦੀ ਸੋਚ ਸਦਾ ਜ਼ਿੰਦਾ ਰਹੇਗੀ। ਮੈਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਉਹਨਾਂ ਦੀ ਰੂਹ ਨੂੰ ਚਰਨਾਂ ‘ਚ ਠਿਕਾਣਾ ਬਖ਼ਸ਼ੇ।”
ਸੀਐਮ ਮਾਨ ਦੀ ਗੈਰਹਾਜ਼ਰੀ ‘ਤੇ ਪ੍ਰਤੀਕਿਰਿਆ
ਜਦੋਂ ਪੁੱਛਿਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਜੇ ਤੱਕ ਪਰਿਵਾਰ ਨਾਲ ਸੰਵੇਦਨਾ ਜਤਾਉਣ ਨਹੀਂ ਪਹੁੰਚੇ, ਇਸ ’ਤੇ ਸੈਣੀ ਨੇ ਸਿੱਧਾ ਜਵਾਬ ਦਿੰਦੇ ਕਿਹਾ ਕਿ ਟੌਹੜਾ ਸਾਹਿਬ ਪੰਜਾਬ ਦੀ ਰਾਜਨੀਤੀ ਦਾ ਵੱਡਾ ਨਾਮ ਸਨ, ਲੋਕ ਉਹਨਾਂ ਨੂੰ ਪਿਆਰ ਕਰਦੇ ਸਨ ਅਤੇ ਉਹ ਲੋਕਾਂ ਦੇ ਹਰ ਦੁੱਖ-ਸੁੱਖ ਵਿੱਚ ਹਮੇਸ਼ਾਂ ਹਾਜ਼ਰ ਰਹਿੰਦੇ ਸਨ। ਉਨ੍ਹਾਂ ਵਿਸ਼ਵਾਸ ਜ਼ਾਹਰ ਕੀਤਾ ਕਿ ਟੌਹੜਾ ਸਾਹਿਬ ਦੀ ਵਿਰਾਸਤ ਨੂੰ ਹੁਣ ਉਹਨਾਂ ਦੇ ਪੁੱਤਰ ਮਿਲ ਕੇ ਅੱਗੇ ਲੈ ਕੇ ਜਾਣਗੇ।
ਪਾਣੀ ਦੇ ਵਿਵਾਦ ‘ਤੇ ਕਿਹਾ – “ਇਸ ਵੇਲੇ ਇਹ ਗੱਲ ਨਾ ਕਰੋ”
ਪੰਜਾਬ-ਹਰਿਆਣਾ ਦੇ ਦਰਮਿਆਨ ਚੱਲਦੇ ਪਾਣੀ ਵਿਵਾਦ ਬਾਰੇ ਪੁੱਛੇ ਗਏ ਸਵਾਲ ‘ਤੇ ਸੈਣੀ ਨੇ ਕਿਹਾ, “ਤੁਸੀਂ ਇਹ ਗੱਲ ਇਸ ਵੇਲੇ ਕਿਉਂ ਕਰ ਰਹੇ ਹੋ? ਪਰਮਾਤਮਾ ਨੇ ਸਾਨੂੰ ਪ੍ਰਚੁਰ ਮਾਤਰਾ ਵਿੱਚ ਪਾਣੀ ਦਿੱਤਾ ਸੀ, ਪਰ ਉਸਨੂੰ ਰੋਕਣ ਵਿੱਚ ਕਈ ਰੁਕਾਵਟਾਂ ਆਈਆਂ। ਹੁਣ ਇਸਦਾ ਹੱਲ ਕੱਢਣਾ ਮੁਸ਼ਕਲ ਹੈ।”
ਪਰਿਵਾਰ ਨੇ ਜਤਾਇਆ ਧੰਨਵਾਦ
ਟੌਹੜਾ ਪਰਿਵਾਰ ਦੇ ਮੈਂਬਰ ਕਵਰਵੀਰ ਸਿੰਘ ਟੌਹੜਾ ਅਤੇ ਹਰਿੰਦਰ ਪਾਲ ਸਿੰਘ ਟੌਹੜਾ ਨੇ ਕਿਹਾ ਕਿ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੇ ਮੁਸ਼ਕਲ ਘੜੀ ਵਿੱਚ ਆ ਕੇ ਪਰਿਵਾਰ ਦਾ ਮਨੋਬਲ ਵਧਾਇਆ ਹੈ, ਜਿਸ ਲਈ ਉਹ ਉਹਨਾਂ ਦੇ ਆਭਾਰੀ ਹਨ।