ਹਰਿਆਣਾ :- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿੱਤ ਮੰਤਰੀ ਦੇ ਤੌਰ ‘ਤੇ ਰਾਜ ਦੀ ਭਾਜਪਾ ਸਰਕਾਰ ਦਾ ਦੂਜਾ ਬਜਟ ਪੇਸ਼ ਕੀਤਾ। ਬਜਟ ਇਜਲਾਸ ਦੌਰਾਨ ਉਹ ਕੇਸਰੀ ਰੰਗ ਦੀ ਦਸਤਾਰ ਸਜਾ ਕੇ ਵਿਧਾਨ ਸਭਾ ਵਿੱਚ ਪਹੁੰਚੇ ਅਤੇ ਵਿੱਤੀ ਦਸਤਾਵੇਜ਼ ਪੜ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਹ ਭਾਜਪਾ ਸਰਕਾਰ ਦਾ ਤੀਜੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਦੂਜਾ ਬਜਟ ਹੈ।
ਪੰਜਾਬ ਦੀਆਂ ਅੱਖਾਂ ਵੀ ਹਰਿਆਣਾ ਬਜਟ ‘ਤੇ
ਇਸ ਵਾਰ ਦੇ ਬਜਟ ‘ਤੇ ਸਿਰਫ਼ ਹਰਿਆਣਾ ਹੀ ਨਹੀਂ, ਸਗੋਂ ਪੜੋਸੀ ਰਾਜ ਪੰਜਾਬ ਦੇ ਲੋਕਾਂ ਦੀ ਵੀ ਨਿਗਾਹ ਟਿਕੀ ਹੋਈ ਹੈ। ਸਿਆਸੀ ਮੰਡਲਾਂ ‘ਚ ਚਰਚਾ ਹੈ ਕਿ ਕੇਸਰੀ ਪੱਗ ਦੇ ਪ੍ਰਤੀਕਾਤਮਕ ਸੰਦੇਸ਼ ਰਾਹੀਂ ਭਾਜਪਾ ਪੰਜਾਬ ਦੇ ਵੋਟਰਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਸਕਦੀ ਹੈ। ਹਾਲਾਂਕਿ ਸਰਕਾਰ ਵੱਲੋਂ ਇਸ ਸਬੰਧੀ ਕੋਈ ਸਿੱਧੀ ਟਿੱਪਣੀ ਨਹੀਂ ਕੀਤੀ ਗਈ।
ਪਿਛਲੇ ਸਾਲ ਨਾਲੋਂ ਵੱਧ ਬਜਟ ਆਉਟਲੇ
ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਵਿੱਤੀ ਵਰ੍ਹੇ ਦੌਰਾਨ ਕਰੀਬ 2.05 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ। ਇਸ ਵਾਰ ਵਿੱਤੀ ਵਰ੍ਹਾ 2026-27 ਲਈ 2.23 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜੋ ਪਿਛਲੇ ਸਾਲ ਨਾਲੋਂ ਵਾਧੇ ਨੂੰ ਦਰਸਾਉਂਦਾ ਹੈ।
ਵਿਕਾਸ ਅਤੇ ਭਲਾਈ ਯੋਜਨਾਵਾਂ ‘ਤੇ ਫੋਕਸ ਦੀ ਉਮੀਦ
ਬਜਟ ਭਾਸ਼ਣ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਵਿਕਾਸ, ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਸਮਾਜਿਕ ਭਲਾਈ ਯੋਜਨਾਵਾਂ ਲਈ ਪ੍ਰਬੰਧਾਂ ਦੀ ਉਮੀਦ ਜਤਾਈ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਬਜਟ ਦੇ ਵਿਸਥਾਰ ਸਾਹਮਣੇ ਆਉਣ ਨਾਲ ਸਪਸ਼ਟ ਹੋਵੇਗਾ ਕਿ ਸਰਕਾਰ ਕਿਹੜੇ ਖੇਤਰਾਂ ਨੂੰ ਤਰਜੀਹ ਦੇ ਰਹੀ ਹੈ ਅਤੇ ਰਾਜ ਦੀ ਆਰਥਿਕ ਦਿਸ਼ਾ ਕਿਹੜੀ ਰਹੇਗੀ

