ਹਰਿਆਣਾ :- ਗੁਰੂਗ੍ਰਾਮ ਵਿੱਚ ਮਸ਼ਹੂਰ ਯੂਟਿਊਬਰ ਅਤੇ ਬਿਗ ਬੌਸ OTT ਜੇਤੂ ਐਲਵਿਸ਼ ਯਾਦਵ ਦੇ ਘਰ ਦੇ ਬਾਹਰ ਐਤਵਾਰ ਸਵੇਰੇ ਗੋਲੀਬਾਰੀ ਹੋਈ। ਤਿੰਨ ਨਕਾਬਪੋਸ਼ ਬਦਮਾਸ਼ ਬਾਈਕਾਂ ‘ਤੇ ਆਏ ਅਤੇ ਘਰ ਦੇ ਬਾਹਰ ਲਗਭਗ 25–30 ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਉਸ ਸਮੇਂ ਐਲਵਿਸ਼ ਘਰ ‘ਚ ਮੌਜੂਦ ਨਹੀਂ ਸੀ।
ਇਸ ਘਟਨਾ ਦੀ ਜ਼ਿੰਮੇਵਾਰੀ ਭਾਉ ਗੈਂਗ ਵੱਲੋਂ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਲਈ ਗਈ ਹੈ। ਪੋਸਟ ਵਿੱਚ ਕਿਹਾ ਗਿਆ ਕਿ ਐਲਵਿਸ਼ ਨੂੰ ਬੈਟਿੰਗ ਐਪਸ ਦੇ ਪ੍ਰਚਾਰ ਕਰਕੇ ਨਿਸ਼ਾਨਾ ਬਣਾਇਆ ਗਿਆ ਹੈ। ਗੈਂਗ ਨੇ ਹੋਰ ਸੋਸ਼ਲ ਮੀਡੀਆ ਇੰਫਲੂਐਂਸਰਾਂ ਨੂੰ ਵੀ ਚੇਤਾਵਨੀ ਦਿੱਤੀ ਹੈ। ਹਾਲਾਂਕਿ, ਇਸ ਦਾਅਵੇ ਦੀ ਪੁਸ਼ਟੀ ਪੁਲਿਸ ਨੇ ਨਹੀਂ ਕੀਤੀ।
ਐਲਵਿਸ਼ ਦੇ ਪਿਤਾ ਨੇ ਦੱਸਿਆ ਕਿ ਪਰਿਵਾਰ ਨੂੰ ਪਹਿਲਾਂ ਕਦੇ ਕੋਈ ਧਮਕੀ ਨਹੀਂ ਮਿਲੀ ਸੀ। ਪੁਲਿਸ ਨੇ ਇਲਾਕੇ ਦੇ CCTV ਕੈਮਰੇ ਖੰਗਾਲਣ ਸ਼ੁਰੂ ਕਰ ਦਿੱਤੇ ਹਨ ਅਤੇ ਜਾਂਚ ਜਾਰੀ ਹੈ। ਹਮਲੇ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।