ਹਰਿਆਣਾ :- ਹਰਿਆਣਾ ਦੀ ਹਫ਼ਤਾਵਾਰੀ ਆਨਨਲਾਈਨ ਫੈਂਸੀ ਨੰਬਰ ਨਿਲਾਮੀ ਵਿੱਚ ਇਸ ਵਾਰ ਇਤਿਹਾਸਕ ਬੋਲੀ ਲੱਗੀ ਹੈ। ਚਰਖੀ ਦਾਦਰੀ ਦੇ ਬਾਧਰਾ ਨਾਲ ਸਬੰਧਿਤ HR88B8888 ਨੰਬਰ ਪਲੇਟ ਦੀ ਕੀਮਤ ਬੁੱਧਵਾਰ ਨੂੰ 1.17 ਕਰੋੜ ਰੁਪਏ ਤੱਕ ਚੜ੍ਹ ਗਈ, ਜੋ ਕਿ ਦੇਸ਼ ਵਿੱਚ ਕਿਸੇ ਵੀ ਨੰਬਰ ਪਲੇਟ ਲਈ ਸਭ ਤੋਂ ਵੱਧ ਭੁਗਤਾਨ ਮੰਨਿਆ ਜਾ ਰਿਹਾ ਹੈ।
ਰਾਜ ਦੇ ਟ੍ਰਾਂਸਪੋਰਟ ਵਿਭਾਗ ਅਨੁਸਾਰ, ਇਸ ਇੱਕ ਨੰਬਰ ਲਈ 45 ਉਮੀਦਵਾਰਾਂ ਨੇ ਹਿੱਸਾ ਲਿਆ। 50 ਹਜ਼ਾਰ ਦੀ ਸ਼ੁਰੂਆਤੀ ਕੀਮਤ ਨਾਲ ਸ਼ੁਰੂ ਹੋਈ ਬੋਲੀ ਹਰੇਕ ਮਿੰਟ ਵਧਦੀ ਰਹੀ ਅਤੇ ਸ਼ਾਮ 5 ਵਜੇ ਤੱਕ ਕ੍ਰੋੜ ਤੋਂ ਵੱਧ ਦੀ ਰਕਮ ‘ਤੇ ਜਾ ਕੇ ਅੱਡ ਗਈ।
ਬੋਲੀ ਦੀ ਪ੍ਰਕਿਰਿਆ
ਹਰਿਆਣਾ ਵਿੱਚ ਫੈਂਸੀ ਨੰਬਰਾਂ ਦੀ ਨਿਲਾਮੀ ਕੇਂਦਰੀ ਪੋਰਟਲ fancy.parivahan.gov.in ਤੇ ਕੀਤੀ ਜਾਂਦੀ ਹੈ।
-
ਸ਼ੁੱਕਰਵਾਰ ਸ਼ਾਮ ਤੋਂ ਸੋਮਵਾਰ ਸਵੇਰੇ 9 ਵਜੇ ਤੱਕ ਲੋਕ ਆਪਣਾ ਮਨਪਸੰਦ ਨੰਬਰ ਚੁਣ ਕੇ ਅਰਜ਼ੀ ਪਾਉਂਦੇ ਹਨ।
-
ਉਸ ਤੋਂ ਬਾਅਦ ਬੁੱਧਵਾਰ ਸ਼ਾਮ 5 ਵਜੇ ਤੱਕ ਔਨਲਾਈਨ ਬੋਲੀ ਚੱਲਦੀ ਹੈ।
-
ਨਤੀਜੇ ਉਸੇ ਦਿਨ ਜਾਰੀ ਕਰ ਦਿੱਤੇ ਜਾਂਦੇ ਹਨ।
ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਿਕ, ਫੈਂਸੀ ਨੰਬਰਾਂ ਦੀ ਮੰਗ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਵੱਧ ਰਹੀ ਹੈ, ਖ਼ਾਸ ਕਰਕੇ ਉਹ ਨੰਬਰ ਜਿਨ੍ਹਾਂ ਵਿੱਚ ਇੱਕੋ ਜਿਹੇ ਅੰਕ ਜਾਂ ਲਕੀ ਪੈਟਰਨ ਹੁੰਦੇ ਹਨ।
ਦੇਸ਼ ਭਰ ਵਿੱਚ ਫੈਂਸੀ ਨੰਬਰਾਂ ਦੀ ਦੌੜ – ਕੇਰਲ ‘ਚ ਵੀ ਬਣਿਆ ਸੀ ਰਿਕਾਰਡ
ਫੈਂਸੀ ਨੰਬਰਾਂ ਦੀ ਮਹਿੰਗਾਈ ਸਿਰਫ਼ ਹਰਿਆਣਾ ਤੱਕ ਸੀਮਿਤ ਨਹੀਂ। ਇਸ ਤੋਂ ਪਹਿਲਾਂ ਕੇਰਲ ਵਿੱਚ ਵੀ ਇੱਕ ਨੰਬਰ ਦੀ ਖਰੀਦ ਨੇ ਕਾਫ਼ੀ ਚਰਚਾ ਬਣਾਈ ਸੀ। ਅਪ੍ਰੈਲ 2023 ਵਿੱਚ, ਕੇਰਲ ਦੇ ਤਕਨਾਲੋਜੀ ਖੇਤਰ ਦੇ ਅਰਬਪਤੀ ਵੇਣੂਗੋਪਾਲ ਕ੍ਰਿਸ਼ਨਨ ਨੇ ਆਪਣੀ ਲੈਂਬੋਰਗਿਨੀ ਉਰਸ ਪਰਫਾਰਮੈਂਟ ਲਈ “KL 07 DG 0007” ਨੰਬਰ ₹45.99 ਲੱਖ ਵਿੱਚ ਖਰੀਦਿਆ ਸੀ। ਜੇਮਸ ਬਾਂਡ ਦੀ ਮਸ਼ਹੂਰੀ ਕਾਰਨ ‘007’ ਨੰਬਰ ਦੀ ਮੰਗ ਕੇਰਲ ਵਿੱਚ ਬਹੁਤ ਤੇਜ਼ੀ ਨਾਲ ਵਧੀ ਸੀ।

