ਹਰਿਆਣਾ :- ਪਰਾਕ੍ਰਮ ਦਿਵਸ ਦੇ ਮੌਕੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਾਨ ਸਵਤੰਤਰਤਾ ਸੈਨਾਨੀ ਅਤੇ ਆਜ਼ਾਦ ਹਿੰਦ ਫੌਜ ਦੇ ਸੰਸਥਾਪਕ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਭਾਵਪੂਰਣ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਉਹ ਚੰਡੀਗੜ੍ਹ ਦੇ ਸੈਕਟਰ–3 ਸਥਿਤ ਨੇਤਾਜੀ ਸੁਭਾਸ਼ ਚੰਦਰ ਬੋਸ ਪਾਰਕ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਨੇਤਾਜੀ ਦੀ ਪ੍ਰਤੀਮਾ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ।
ਨੇਤਾਜੀ ਦੀ ਕੁਰਬਾਨੀ ਨੇ ਆਜ਼ਾਦੀ ਦੀ ਲੌ ਜਗਾਈ – ਮੁੱਖ ਮੰਤਰੀ
ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਟੱਲ ਹਿੰਮਤ, ਦ੍ਰਿੜ੍ਹ ਨੇਤ੍ਰਿਤਵ ਅਤੇ ਅਦਭੁੱਤ ਤਿਆਗ ਨੇ ਦੇਸ਼ਵਾਸੀਆਂ ਵਿੱਚ ਆਜ਼ਾਦੀ ਦੀ ਅੱਗ ਨੂੰ ਪ੍ਰਜੁਲਿਤ ਕੀਤਾ। ਉਨ੍ਹਾਂ ਆਖਿਆ ਕਿ ਅੱਜ ਭਾਰਤ ਜੋ ਆਜ਼ਾਦੀ ਦੀ ਸਾਹ ਲੈ ਰਿਹਾ ਹੈ, ਉਹ ਅਜਿਹੇ ਕ੍ਰਾਂਤੀਕਾਰੀਆਂ ਦੇ ਅਤੁੱਲ ਬਲੀਦਾਨ ਦਾ ਨਤੀਜਾ ਹੈ।
ਆਜ਼ਾਦੀ ਦੀ ਲੜਾਈ ਵਿੱਚ ਨੇਤਾਜੀ ਦੀ ਭੂਮਿਕਾ ਅਮਿੱਟ
ਮੁੱਖ ਮੰਤਰੀ ਨੇ ਕਿਹਾ ਕਿ ਨੇਤਾਜੀ ਦਾ ਦੇਸ਼ ਪ੍ਰਤੀ ਸਮਰਪਣ, ਨਿਡਰ ਸੋਚ ਅਤੇ ਰਾਸ਼ਟਰਭਗਤੀ ਭਾਰਤ ਦੇ ਇਤਿਹਾਸ ਵਿੱਚ ਸਦੀਵ ਯਾਦ ਰਹੇਗੀ। ਉਨ੍ਹਾਂ ਦੱਸਿਆ ਕਿ ਨੇਤਾਜੀ ਵੱਲੋਂ ਦਿਖਾਇਆ ਗਿਆ ਸਵੈਭਿਮਾਨ, ਸਵੈ-ਨਿਰਭਰਤਾ ਅਤੇ ਸੰਘਰਸ਼ ਦਾ ਮਾਰਗ ਅੱਜ ਵੀ ਦੇਸ਼ ਲਈ ਪ੍ਰੇਰਣਾ ਸਰੋਤ ਹੈ।
ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਹੋ ਰਹੀ ਹੈ
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨੇਤਾਜੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਤੇਜ਼ੀ ਨਾਲ ਆਤਮਨਿਰਭਰਤਾ, ਤਕਨੀਕੀ ਵਿਕਾਸ ਅਤੇ ਵਿਸ਼ਵ ਪੱਧਰ ’ਤੇ ਨੇਤ੍ਰਿਤਵ ਦੀ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ।
ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਲਈ ਅੱਗੇ ਆਉਣ ਦੀ ਅਪੀਲ
ਮੁੱਖ ਮੰਤਰੀ ਨੇ ਨੌਜਵਾਨ ਵਰਗ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਨੌਜਵਾਨਾਂ ਦੀ ਸਰਗਰਮ ਭੂਮਿਕਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਸੁਪਨਾ ਸਾਰਿਆਂ ਦੀ ਸਾਂਝੀ ਭਾਗੀਦਾਰੀ ਨਾਲ ਹੀ ਸਾਕਾਰ ਹੋ ਸਕਦਾ ਹੈ।
ਬਸੰਤ ਪੰਚਮੀ ਦੀਆਂ ਵਧਾਈਆਂ ਵੀ ਦਿੱਤੀਆਂ
ਇਸ ਮੌਕੇ ਮੁੱਖ ਮੰਤਰੀ ਨੇ ਰਾਜ ਵਾਸੀਆਂ ਨੂੰ ਬਸੰਤ ਪੰਚਮੀ ਦੇ ਪਾਵਨ ਤਿਉਹਾਰ ਦੀਆਂ ਵੀ ਹਾਰਦਿਕ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਗਿਆਨ, ਉਰਜਾ ਅਤੇ ਨਵੀਂ ਚੇਤਨਾ ਦਾ ਪ੍ਰਤੀਕ ਹੈ, ਜੋ ਸਮਾਜ ਨੂੰ ਰਾਸ਼ਟਰ ਨਿਰਮਾਣ ਵੱਲ ਇਕੱਠੇ ਹੋ ਕੇ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ।

