ਹਰਿਆਣਾ :- ਹਰਿਆਣਾ ਦੇ ਜੀਂਦ ਜ਼ਿਲ੍ਹੇ ਅਧੀਨ ਪੈਂਦੇ ਉਚਾਨਾ ਖੇਤਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਥੋਂ ਦੀ ਇੱਕ ਮਹਿਲਾ ਨੇ ਆਪਣੀ 11ਵੀਂ ਡਿਲੀਵਰੀ ਦੌਰਾਨ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਪਰਿਵਾਰ ਵਿੱਚ ਪਹਿਲਾਂ ਹੀ ਦਸ ਧੀਆਂ ਹਨ ਅਤੇ ਲੰਬੇ ਸਮੇਂ ਤੋਂ ਪੁੱਤਰ ਦੀ ਆਸ ਕੀਤੀ ਜਾ ਰਹੀ ਸੀ।
ਹਸਪਤਾਲ ‘ਚ ਲੱਡੂ ਵੰਡੇ, ਗੁਬਾਰਿਆਂ ਨਾਲ ਸਜਾਇਆ ਵਾਰਡ
ਪੁੱਤਰ ਦੇ ਜਨਮ ਦੀ ਖ਼ੁਸ਼ੀ ਇੰਨੀ ਵੱਡੀ ਸੀ ਕਿ ਪਰਿਵਾਰਕ ਮੈਂਬਰਾਂ ਨੇ ਨਿੱਜੀ ਹਸਪਤਾਲ ਦੇ ਵਾਰਡ ਨੂੰ ਗੁਬਾਰਿਆਂ ਨਾਲ ਸਜਾਇਆ ਅਤੇ ਸਟਾਫ ਸਮੇਤ ਮੌਜੂਦ ਲੋਕਾਂ ਵਿੱਚ ਮਿੱਠਾਈ ਵੰਡੀ। ਪਿਤਾ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 19 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੀ ਵੱਡੀ ਧੀ ਇਸ ਸਮੇਂ ਬਾਰ੍ਹਵੀਂ ਜਮਾਤ ਵਿੱਚ ਪੜ੍ਹ ਰਹੀ ਹੈ।
ਭਾਵਨਾਵਾਂ ‘ਚ ਵਹਿ ਗਿਆ ਪਿਤਾ, ਧੀਆਂ ਦੇ ਨਾਮ ਵੀ ਯਾਦ ਨਾ ਰਹੇ
ਇਸ ਖੁਸ਼ੀ ਦੇ ਮੌਕੇ ‘ਤੇ ਇੱਕ ਦਿਲਚਸਪ ਘਟਨਾ ਵੀ ਵਾਪਰੀ। ਜਦੋਂ ਪੱਤਰਕਾਰ ਵੱਲੋਂ ਦਸ ਧੀਆਂ ਦੇ ਨਾਮ ਪੁੱਛੇ ਗਏ ਤਾਂ ਪਿਤਾ ਖੁਸ਼ੀ ਅਤੇ ਭਾਵੁਕਤਾ ਕਾਰਨ ਦੋ ਧੀਆਂ ਦੇ ਨਾਮ ਦੱਸਣੋਂ ਰਹਿ ਗਿਆ। ਉਸ ਨੇ ਕਿਹਾ ਕਿ ਡਿਲੀਵਰੀ ਸਮੇਂ ਘਬਰਾਹਟ ਬਹੁਤ ਸੀ, ਪਰ ਪੁੱਤਰ ਨੂੰ ਦੇਖ ਕੇ ਸਾਰੀ ਥਕਾਵਟ ਖਤਮ ਹੋ ਗਈ।
ਖੂਨ ਦੀ ਘਾਟ ਬਾਵਜੂਦ ਨਾਰਮਲ ਡਿਲੀਵਰੀ
ਡਿਲੀਵਰੀ ਕਰਨ ਵਾਲੀ ਮਹਿਲਾ ਡਾਕਟਰ ਨੇ ਦੱਸਿਆ ਕਿ ਮਾਂ ਦੀ ਸਿਹਤ ਕਾਫ਼ੀ ਨਾਜੁਕ ਸੀ ਅਤੇ ਸਰੀਰ ਵਿੱਚ ਖੂਨ ਦੀ ਮਾਤਰਾ ਬਹੁਤ ਘੱਟ ਸੀ, ਫਿਰ ਵੀ ਡਿਲੀਵਰੀ ਨਾਰਮਲ ਤਰੀਕੇ ਨਾਲ ਕਰਵਾਈ ਗਈ। ਮਾਂ ਨੇ ਕਿਹਾ ਕਿ ਪੁੱਤਰ ਦੇ ਜਨਮ ਨਾਲ ਉਸਦੀ ਸਾਲਾਂ ਪੁਰਾਣੀ ਇੱਛਾ ਪੂਰੀ ਹੋ ਗਈ ਹੈ, ਜਦਕਿ ਧੀਆਂ ਵੀ ਭਰਾ ਦੇ ਆਉਣ ਨਾਲ ਖੁਸ਼ ਹਨ।

