ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪੰਜਾਬ ਦੀਆਂ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਅਪਮਾਨਜਨਕ ਟਿੱਪਣੀਆਂ ਲਈ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਸਖ਼ਤ ਸ਼ਬਦਾ ਵਿੱਚ ਨਿੰਦਾ ਕੀਤੀ। ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਬੋਲਦਿਆਂ ਅਤੇ ਇਸ ਉਪਰੰਤ ਵਿਧਾਨ ਸਭਾ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਉਨ੍ਹਾਂ ਦੇ ਅਜਿਹੇ ਨਿੰਦਣਯੋਗ ਵਤੀਰੇ ਅਤੇ ਪੰਜਾਬ ਦੀਆਂ ਮਾਵਾਂ ਤੇ ਧੀਆਂ ਲਈ ਕੀਤੀਆਂ ਅਪਮਾਨਜਨਕ ਟਿੱਪਣੀਆਂ ਲਈ ਪਾਰਟੀ ‘ਚੋਂ ਤੁਰੰਤ ਬਾਹਰ ਕੱਢਿਆ ਜਾਣਾ ਚਾਹੀਦਾ ਹੈ।
ਸੁਖਪਾਲ ਖਹਿਰਾ ਵੱਲੋਂ ਇਹ ਕਹੇ ਜਾਣ ਕਿ ਮਾਵਾਂ ਧੀਆਂ ਸਤਿਕਾਰ ਸਕੀਮ ਤਹਿਤ 1000 ਰੁਪਏ ਦੇ ਐਲਾਨ ਦਾ ਜਸ਼ਨ ਮਨਾਉਣ ਵਾਲੀਆਂ ਔਰਤਾਂ ਬਹਾਦਰਾਂ ਨੂੰ ਕਿਵੇਂ ਜਨਮ ਦੇ ਸਕਦੀਆਂ ਹਨ, ਦੇ ਵਿਰੋਧ ਵਿੱਚ ਵਿੱਤ ਮੰਤਰੀ ਵੱਲੋਂ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ ਗਈ। ਵਿਧਾਇਕ ਖਹਿਰਾ ਦੀ ਇਸ ਟਿੱਪਣੀ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਇੱਕ ਸਿਆਸਤਦਾਨ ਜੋ ਉਸ ਸੂਬੇ ਤੋਂ ਕਈ ਵਾਰ ਚੁਣਿਆ ਗਿਆ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ‘ (ਜਿਸ ਇਸਤਰੀ ਤੋਂ ਰਾਜੇ ਜੰਮਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ) ਦਾ ਪ੍ਰਚਾਰ ਕੀਤਾ, ਸੂਬੇ ਦੀਆਂ ਮਾਵਾਂ ਅਤੇ ਧੀਆਂ ਦਾ ਇੰਨੀ ਬੇਸ਼ਰਮੀ ਨਾਲ ਅਪਮਾਨ ਨਹੀਂ ਕਿਸ ਤਰ੍ਹਾਂ ਕਰ ਸਕਦਾ ਹੈ।
ਵਿਧਾਨ ਸਭਾ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਲੀਡਰਸ਼ਿਪ ਆਪਣੀ ਭਾਸ਼ਾ ‘ਤੇ ਕੰਟਰੋਲ ਅਤੇ ਸਿਆਸੀ ਸੂਝ ਨੂੰ ਪੂਰੀ ਤਰ੍ਹਾਂ ਗੁਆ ਚੁੱਕੀ ਹੈ। ਕਾਂਗਰਸ ਦੀ ਸਥਿਤੀ ਇੰਨੀ ਵਿਗੜ ਗਈ ਹੈ ਕਿ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਵੀ ਪਹਿਲਾਂ ਹੀ ਕਾਂਗਰਸ ਦੀ ਸੂਬਾ ਇਕਾਈ ਦੀ ਲੀਡਰਸ਼ਿਪ ਨੂੰ ਆਪਣੇ ਵਤੀਰੇ ‘ਤੇ ਧਿਆਨ ਦੇਣ ਲਈ ਚੇਤਾਵਨੀ ਦੇ ਚੁੱਕੀ ਹੈ। ਕਾਂਗਰਸੀ ਵਿਧਾਇਕ ਦਾ ਅਜਿਹਾ ਬਿਆਨ ਪੂਰੀ ਤਰ੍ਹਾਂ ਉਨ੍ਹਾਂ ਦੀ ਸਿਆਸੀ ਬੁਖਲਾਹਟ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਇਸ ਤੱਥ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਕਿ ‘ਆਪ’ ਸਰਕਾਰ ਨੇ ਸ਼ਾਸਨ ਦੇ ਮਹਿਜ਼ ਚਾਰ ਸਾਲਾਂ ਦੇ ਅੰਦਰ ਆਪਣੀਆਂ ਪੰਜ ਪ੍ਰਮੁੱਖ ਗਰੰਟੀਆਂ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਹੈ।
ਪੰਜਾਬ ਵਿਧਾਨ ਸਭਾ ਵਿੱਚ ਔਰਤਾਂ ਦੇ ਇਸ ਅਪਮਾਨ ਦੀ ਨਿੰਦਾ ਕਰਨ ਲਈ ਲਿਆਂਦੇ ਗਏ ਪ੍ਰਸਤਾਵ ‘ਤੇ ਚਰਚਾ ਦੌਰਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ਦੇ ਸਾਰੇ ਮੈਂਬਰਾਂ ਨੂੰ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੇ ਗੈਰ-ਜ਼ਿੰਮੇਵਾਰਾਨਾ ਅਤੇ ਔਰਤ ਵਿਰੋਧੀ ਰਵੱਈਏ ਵਿਰੁੱਧ ਇੱਕਜੁੱਟ ਹੋਣ ਲਈ ਕਿਹਾ। ਸਦਨ ਵੱਲੋਂ ਸਖ਼ਤ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈ ਕਿ ਪੰਜਾਬ ਦੀਆਂ ਔਰਤਾਂ ਪ੍ਰਤੀ ਅਪਮਾਨ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

