ਚੰਡੀਗੜ੍ਹ :- ਪੰਜਾਬ ਦੇ ਮਾਈਨਿੰਗ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਹੈ ਕਿ ਬਾਬਾ ਹੀਰਾ ਸਿੰਘ ਭੱਲ ਕਾਲਜ, ਲਹਿਰਾਗਾਗਾ ਦੇ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਮਸਲਿਆਂ ਦਾ ਹੱਲ ਹੁਣ ਨਜ਼ਦੀਕ ਹੈ। ਉਨ੍ਹਾਂ ਦੱਸਿਆ ਕਿ ਕਾਲਜ ਦੇ ਮੁਲਾਜ਼ਮਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੈਠਕ ਕਰਵਾਈ ਗਈ, ਜਿਸ ਦੌਰਾਨ ਮੁੱਖ ਮੰਤਰੀ ਨੇ ਯਕੀਨ ਦਵਾਇਆ ਕਿ ਕਰਮਚਾਰੀਆਂ ਨੂੰ ਉਨ੍ਹਾਂ ਦੇ ਸਾਰੇ ਬਣਦੇ ਹੱਕ ਮਿਲਣਗੇ ਅਤੇ ਮੰਗਾਂ ‘ਤੇ ਕੈਬਨਿਟ ਪੱਧਰ ‘ਤੇ ਤੁਰੰਤ ਕਾਰਵਾਈ ਹੋਏਗੀ।
ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਨੇ ਮੁਲਾਜ਼ਮਾਂ ਨੂੰ ਨੁਕਸਾਨ ਪਹੁੰਚਾਇਆ
ਮੰਤਰੀ ਗੋਇਲ ਨੇ ਖੁੱਲ੍ਹ ਕੇ ਕਿਹਾ ਕਿ ਕਾਲਜ ਦੇ ਕਰਮਚਾਰੀ ਅੱਜ ਜੋ ਮੁਸ਼ਕਲਾਂ ਝੱਲ ਰਹੇ ਹਨ, ਉਹ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਨਤੀਜਾ ਹਨ। ਉਨ੍ਹਾਂ ਅਰੋਪ ਲਗਾਇਆ ਕਿ ਉਨ੍ਹਾਂ ਸਮਿਆਂ ‘ਚ ਕੈਂਪਸ ਦੀ ਵਿੱਤੀ ਅਤੇ ਪ੍ਰਸ਼ਾਸਨਿਕ ਹਾਲਤ ਨੂੰ ਇੱਛਾ ਇਸਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਕਿ ਅੱਜ ਕਰਮਚਾਰੀ ਹੱਕਾਂ ਲਈ ਦਰ – ਬਦਰ ਫਿਰਣ ਨੂੰ ਮਜਬੂਰ ਹਨ।
ਕਿਸੇ ਨੂੰ ਨੌਕਰੀ ਤੋਂ ਨਹੀਂ ਕੱਢਿਆ ਜਾਵੇਗਾ, ਪੜ੍ਹਾਈ ‘ਤੇ ਕੋਈ ਅਸਰ ਨਹੀਂ ਪਵੇਗਾ
ਗੋਇਲ ਨੇ ਸਪੱਸ਼ਟ ਕੀਤਾ ਕਿ ਸਰਕਾਰ ਦਾ ਮਕਸਦ ਕਾਲਜ ਵਿੱਚ ਪੜ੍ਹਾਈ ਦੇ ਮਾਹੌਲ ਨੂੰ ਪ੍ਰਭਾਵਿਤ ਕਰਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਰਮਚਾਰੀ ਨੌਕਰੀ ਤੋਂ ਬਰਖ਼ਾਸਤ ਨਹੀਂ ਕੀਤਾ ਜਾਵੇਗਾ, ਬਲਕਿ ਸਰਕਾਰ ਯਕੀਨੀ ਬਣਾਏਗੀ ਕਿ ਹਰ ਮੁਲਾਜ਼ਮ ਨੂੰ ਉਸਦਾ ਹਿੱਸਾ ਮਿਲੇ। ਮੰਤਰੀ ਨੇ ਇਹ ਵੀ ਦੋਹਰਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ–ਕੇਂਦ੍ਰਿਤ ਹੈ ਅਤੇ ਕਰਮਚਾਰੀਆਂ ਨਾਲ ਕੋਈ ਵੀ ਜ਼ਿਆਦਤੀ ਨਹੀਂ ਹੋਣ ਦਿੱਤੀ ਜਾਵੇਗੀ।
ਮਾਨ ਸਰਕਾਰ ਮੁਲਾਜ਼ਮਾਂ ਦੀ ਸੁਣਵਾਈ ਕਰਦੀ ਹੈ
ਬਰਿੰਦਰ ਗੋਇਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਦੌਰਾਨ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਕਦੇ ਗੰਭੀਰਤਾ ਨਾਲ ਨਹੀਂ ਸੁਣੀਆਂ ਗਈਆਂ, ਜਿਸ ਕਾਰਨ ਉਹ ਬਾਰ–ਬਾਰ ਸੜਕਾਂ ‘ਤੇ ਆਉਣ ਲਈ ਮਜਬੂਰ ਹੋਏ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਰਵੱਈਆ ਇਸਦੇ ਬਿਲਕੁਲ ਉਲਟ ਹੈ, ਮੁੱਖ ਮੰਤਰੀ ਖ਼ੁਦ ਲੋਕਾਂ ਦੀਆਂ ਚਿੰਤਾਵਾਂ ਸੁਣਦੇ ਹਨ ਅਤੇ ਹੱਲ ਲਈ ਤੁਰੰਤ ਦਿਸ਼ਾ ਨਿਰਦੇਸ਼ ਦਿੰਦੇ ਹਨ।

