ਪੰਜਾਬ :- ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਨੂੰ ਮਜ਼ਬੂਤ ਬੁਨਿਆਦ ਪ੍ਰਦਾਨ ਕਰਨ ਦੀ ਕਵਾਇਦ ਜਾਰੀ ਹੈ। ਇਸ ਸਿਲਸਿਲੇ ਵਿੱਚ ਜਲ ਸਰੋਤ, ਮਾਈਨਿੰਗ ਅਤੇ ਜਲ ਸੰਭਾਲ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਪਿੰਡ ਕਾਲੀਆ ਵਿੱਚ 2150 ਏਕੜ ਵਾਧੂ ਰਕਬੇ ਨੂੰ ਨਹਿਰੀ ਪਾਣੀ ਦੀ ਸਹੂਲਤ ਦੇਣ ਲਈ 2 ਕਰੋੜ 15 ਲੱਖ 77 ਹਜ਼ਾਰ ਰੁਪਏ ਦੇ ਪ੍ਰੋਜੈਕਟ ਦੀ ਨੀਂਹ ਰੱਖੀ ਗਈ। ਇਹ ਪ੍ਰੋਜੈਕਟ ਅਗਲੇ ਡੇਢ ਮਹੀਨੇ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਪਿੰਡ ਕਾਲੀਆ ਨੂੰ ਮਿਲੇਗੀ ਨਹਿਰੀ ਪਾਣੀ ਦੀ ਪੂਰੀ ਸਹੂਲਤ
ਮੰਤਰੀ ਗੋਇਲ ਨੇ ਦੱਸਿਆ ਕਿ ਪਹਿਲਾਂ ਪਿੰਡ ਕਾਲੀਆ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਬਹੁਤ ਘੱਟ ਮਿਲਦਾ ਸੀ, ਪਰ ਇਸ ਨਵੇਂ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਹਰ ਖੇਤ ਤੱਕ ਪਾਣੀ ਪਹੁੰਚੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਸੂਬੇ ਦਾ ਹਰ ਖੇਤ ਨਹਿਰੀ ਪਾਣੀ ਨਾਲ ਜੋੜਿਆ ਜਾਵੇ।
ਉਹਨਾਂ ਕਿਹਾ ਕਿ ਜਿੱਥੇ ਪਹਿਲਾਂ ਸੂਬੇ ਵਿੱਚ ਸਿਰਫ਼ 21 ਫ਼ੀਸਦੀ ਨਹਿਰੀ ਪਾਣੀ ਦੀ ਵਰਤੋਂ ਹੁੰਦੀ ਸੀ, ਹੁਣ ਇਹ ਅੰਕੜਾ ਵਧ ਕੇ 64 ਫ਼ੀਸਦੀ ਤੱਕ ਪਹੁੰਚ ਗਿਆ ਹੈ। ਸਰਕਾਰ ਨੇ ਪਿਛਲੇ ਸਾਲ 3354 ਕਰੋੜ ਰੁਪਏ ਇਸ ਖੇਤਰ ਵਿੱਚ ਖਰਚੇ ਸਨ ਅਤੇ ਇਸ ਸਾਲ ਇਸਤੋਂ ਵੀ ਵੱਧ ਰਕਮ ਨਿਰਧਾਰਤ ਕੀਤੀ ਗਈ ਹੈ।
ਬੋਹਾ ਰਜਵਾਹਾ ਮਾਈਨਰ ਦੀ ਮੁੜ ਉਸਾਰੀ ਨਾਲ 1800 ਏਕੜ ਨੂੰ ਲਾਭ
ਕੈਬਨਿਟ ਮੰਤਰੀ ਨੇ ਦੱਸਿਆ ਕਿ ਬੋਹਾ ਰਜਵਾਹਾ ਦੀ ਬੁਰਜੀ 5283/ਖੱਬਾ ਤੋਂ ਨਿਕਲਦੀ ਮਾਈਨਰ ਨੰਬਰ 1, ਜਿਸ ਦੀ ਕੁੱਲ ਲੰਬਾਈ 9750 ਫੁੱਟ ਹੈ, ਉਸਦੀ ਕੰਕਰੀਟ ਲਾਈਨਿੰਗ ਨਾਲ ਮੁੜ ਉਸਾਰੀ ਕੀਤੀ ਜਾ ਰਹੀ ਹੈ।
ਇਸ ਕੰਮ ‘ਤੇ 1 ਕਰੋੜ 5 ਲੱਖ ਰੁਪਏ ਦੀ ਲਾਗਤ ਆਵੇਗੀ। ਪੁਰਾਣੀ ਲਾਈਨਿੰਗ 35 ਸਾਲ ਪੁਰਾਣੀ ਹੋ ਚੁੱਕੀ ਸੀ ਅਤੇ ਕਾਫ਼ੀ ਕਮਜ਼ੋਰ ਹੋ ਗਈ ਸੀ। ਇਸ ਮਾਈਨਰ ਦੀ ਮੁੜ ਉਸਾਰੀ ਨਾਲ ਪਿੰਡ ਕਾਹਨਗੜ ਅਤੇ ਕਾਲੀਆ ਦੇ 1800 ਏਕੜ ਰਕਬੇ ਨੂੰ ਸਿੱਧਾ ਲਾਭ ਹੋਵੇਗਾ।
ਕੱਚੇ ਖਾਲ ਨੂੰ ਪੱਕਾ ਕਰਨ ਦਾ ਕੰਮ ਵੀ ਜਾਰੀ
ਉਹਨਾਂ ਦੱਸਿਆ ਕਿ ਮੋਘਾ ਬੁਰਜੀ 5940/ਖੱਬਾ ਦੇ ਚੱਕ ਵਿੱਚ ਪਏ ਕੱਚੇ ਖਾਲ ਨੂੰ 54.92 ਲੱਖ ਰੁਪਏ ਦੀ ਲਾਗਤ ਨਾਲ ਇੱਟਾਂ ਨਾਲ ਪੱਕਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਇਸ ਖਾਲ ਦੀ ਕੁੱਲ ਲੰਬਾਈ 10326 ਫੁੱਟ ਹੈ। ਪਹਿਲਾਂ ਇਸ ਮੋਘੇ ਤੋਂ ਸਿਰਫ਼ 30 ਏਕੜ ਖੇਤਰ ਨੂੰ ਪਾਣੀ ਮਿਲਦਾ ਸੀ, ਪਰ ਹੁਣ ਇਸ ਖਾਲ ਦੇ ਤਿਆਰ ਹੋਣ ਨਾਲ 250 ਏਕੜ ਰਕਬੇ ਤੱਕ ਨਹਿਰੀ ਪਾਣੀ ਪਹੁੰਚੇਗਾ।
ਅੰਡਰਗ੍ਰਾਊਂਡ ਪਾਈਪ ਲਾਈਨ ਨਾਲ ਵਧੇਗਾ ਸਿੰਚਾਈ ਖੇਤਰ
ਇਸੇ ਤਰ੍ਹਾਂ ਮਾਈਨਰ ਨੰਬਰ 1 ਦੀ ਬੁਰਜੀ 9416/ਖੱਬਾ ਤੋਂ 55.85 ਲੱਖ ਰੁਪਏ ਦੀ ਲਾਗਤ ਨਾਲ 2501 ਮੀਟਰ ਲੰਬੀ ਅੰਡਰਗ੍ਰਾਊਂਡ ਪਾਈਪ ਲਾਈਨ ਪਾਈ ਜਾ ਰਹੀ ਹੈ। ਪਹਿਲਾਂ ਇਸ ਮੋਘੇ ਤੋਂ 320 ਏਕੜ ਰਕਬੇ ਨੂੰ ਪਾਣੀ ਮਿਲਦਾ ਸੀ, ਜਦਕਿ ਨਵੀਂ ਪਾਈਪ ਲਾਈਨ ਦੇ ਚਾਲੂ ਹੋਣ ਨਾਲ ਹੋਰ 100 ਏਕੜ ਖੇਤਾਂ ਨੂੰ ਵੀ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ।
ਲੋਕਾਂ ਵੱਲੋਂ ਮੰਤਰੀ ਦਾ ਧੰਨਵਾਦ
ਇਸ ਮੌਕੇ ਬਰਿੰਦਰ ਕੁਮਾਰ ਗੋਇਲ ਦੇ ਪੀ.ਏ. ਰਾਕੇਸ਼ ਕੁਮਾਰ ਗੁਪਤਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਪਿੰਡ ਵਾਸੀਆਂ ਨੇ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਪਿੰਡ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗਾ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਸਿੰਚਾਈ ਲਈ ਜ਼ਮੀਨੀ ਪਾਣੀ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ।

