ਹਿਮਾਚਲ ਪ੍ਰਦੇਸ਼ :- ਹਿਮਾਚਲ ਪ੍ਰਦੇਸ਼ ਦੀ ਸਿਆਸਤ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਅਹਿਮ ਹਿਲਜੁਲ ਦੇ ਸੰਕੇਤ ਮਿਲ ਰਹੇ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ 19 ਜਨਵਰੀ, ਸੋਮਵਾਰ ਨੂੰ ਸੂਬਾ ਕੈਬਿਨੇਟ ਦੀ ਮੀਟਿੰਗ ਸੱਦੀ ਗਈ ਹੈ, ਜੋ ਸਵੇਰੇ 11 ਵਜੇ ਰਾਜ ਸਚਿਵਾਲੇ ਦੇ ਸ਼ਿਖਰ ਕਾਨਫਰੰਸ ਹਾਲ ਵਿੱਚ ਹੋਵੇਗੀ। ਇਸ ਮੀਟਿੰਗ ਨੂੰ ਪੰਚਾਇਤੀ ਚੋਣਾਂ ਦੇ ਮਸਲੇ ਨਾਲ ਜੋੜ ਕੇ ਖਾਸ ਅਹਿਮ ਮੰਨਿਆ ਜਾ ਰਿਹਾ ਹੈ।
ਐਜੰਡਾ ਤਿਆਰੀ ਦੇ ਹੁਕਮ, ਪ੍ਰਸ਼ਾਸਨਕ ਸਰਗਰਮੀ ਤੇਜ਼
ਸਧਾਰਨ ਪ੍ਰਸ਼ਾਸਨ ਵਿਭਾਗ ਵੱਲੋਂ ਸਬੰਧਤ ਵਿਭਾਗਾਂ ਦੇ ਸਕੱਤਰਾਂ ਨੂੰ ਮੀਟਿੰਗ ਲਈ ਐਜੰਡਾ ਤਿਆਰ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਕੈਬਿਨੇਟ ਅੱਗੇ ਪੰਚਾਇਤੀ ਰਾਜ ਚੋਣਾਂ ਸਬੰਧੀ ਕਾਨੂੰਨੀ ਅਤੇ ਪ੍ਰਸ਼ਾਸਨਕ ਪੱਖ ਰੱਖੇ ਜਾ ਸਕਦੇ ਹਨ।
ਹਾਈ ਕੋਰਟ ਦੀ ਡੈੱਡਲਾਈਨ ਬਣੀ ਚੁਣੌਤੀ
ਗੌਰਤਲਬ ਹੈ ਕਿ ਹਾਈ ਕੋਰਟ ਵੱਲੋਂ 30 ਅਪ੍ਰੈਲ ਤੱਕ ਪੰਚਾਇਤੀ ਚੋਣ ਪ੍ਰਕਿਰਿਆ ਪੂਰੀ ਕਰਨ ਦੇ ਹੁਕਮ ਦਿੱਤੇ ਗਏ ਹਨ, ਪਰ ਮੌਜੂਦਾ ਸਮੇਂ ਚੱਲ ਰਹੀ ਹੱਦਬੰਦੀ ਪ੍ਰਕਿਰਿਆ ਕਾਰਨ ਇਸ ਸਮਾਂ-ਸੀਮਾ ’ਤੇ ਖਰੇ ਉਤਰਨਾ ਮੁਸ਼ਕਲ ਦੱਸਿਆ ਜਾ ਰਿਹਾ ਹੈ। ਅਜਿਹੇ ਵਿੱਚ ਸਰਕਾਰ ਵੱਲੋਂ ਅਦਾਲਤੀ ਹੁਕਮਾਂ ਖਿਲਾਫ ਅਪੀਲ ਕਰਨ ਜਾਂ ਕਿਸੇ ਹੋਰ ਵਿਕਲਪ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
ਕੈਬਿਨੇਟ ਤੋਂ ਬਾਅਦ ਚੋਣ ਕਮੇਸ਼ਨ ਦੀ ਮੀਟਿੰਗ
ਕੈਬਿਨੇਟ ਮੀਟਿੰਗ ਤੋਂ ਅਗਲੇ ਦਿਨ, 20 ਜਨਵਰੀ ਨੂੰ ਰਾਜ ਚੋਣ ਕਮੇਸ਼ਨ ਵੱਲੋਂ ਮੁੱਖ ਸਕੱਤਰ ਅਤੇ ਹੋਰ ਸਬੰਧਤ ਅਧਿਕਾਰੀਆਂ ਦੀ ਖਾਸ ਬੈਠਕ ਬੁਲਾਈ ਗਈ ਹੈ, ਜਿਸ ਵਿੱਚ ਪੰਚਾਇਤੀ ਚੋਣਾਂ ਸਬੰਧੀ ਅੰਤਿਮ ਰਾਹ ਤਲਾਸ਼ਿਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕੈਬਿਨੇਟ ਦੇ ਫ਼ੈਸਲਿਆਂ ਦੀ ਜਾਣਕਾਰੀ ਚੋਣ ਕਮੇਸ਼ਨ ਨਾਲ ਸਾਂਝੀ ਕੀਤੀ ਜਾਵੇਗੀ।
ਬਜਟ ਅਤੇ ਵਿੱਤੀ ਮਾਮਲਿਆਂ ’ਤੇ ਵੀ ਨਜ਼ਰ
ਸੂਬਾ ਸਰਕਾਰ ਫਰਵਰੀ ਮਹੀਨੇ ਨਵੇਂ ਬਜਟ ਦੀ ਤਿਆਰੀ ਸ਼ੁਰੂ ਕਰਨ ਜਾ ਰਹੀ ਹੈ। ਇਸ ਸਬੰਧੀ ਮਹੀਨੇ ਦੇ ਪਹਿਲੇ ਹਫ਼ਤੇ ਵਿਧਾਇਕਾਂ ਨਾਲ ਤਰਜੀਹੀ ਮੀਟਿੰਗਾਂ ਰੱਖੀਆਂ ਜਾਣਗੀਆਂ। ਕੇਂਦਰ ਸਰਕਾਰ ਦਾ ਆਮ ਬਜਟ 1 ਫਰਵਰੀ ਨੂੰ ਪੇਸ਼ ਹੋਣਾ ਹੈ, ਜਿਸ ਵਿੱਚ ਰੇਲ ਬਜਟ ਵੀ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਸੰਸਦ ਸੈਸ਼ਨ ਦੌਰਾਨ 16ਵੇਂ ਵਿੱਤ ਆਯੋਗ ਦੀਆਂ ਸਿਫ਼ਾਰਸ਼ਾਂ ਵੀ ਪੇਸ਼ ਕੀਤੀਆਂ ਜਾਣਗੀਆਂ, ਜਿਨ੍ਹਾਂ ’ਤੇ ਅਗਲੇ ਪੰਜ ਸਾਲਾਂ ਲਈ ਸੂਬੇ ਦੀ ਵਿੱਤੀ ਦਿਸ਼ਾ ਨਿਰਭਰ ਕਰੇਗੀ।
ਮੁੱਖ ਮੰਤਰੀ ਦੀ ਦਿੱਲੀ ਯਾਤਰਾ ਦੇ ਆਸਾਰ
ਕੈਬਿਨੇਟ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਸੁੱਖੂ ਦੇ ਦਿੱਲੀ ਦੌਰੇ ਦੇ ਵੀ ਆਸਾਰ ਹਨ। ਸੂਤਰਾਂ ਮੁਤਾਬਕ ਉਹ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰ ਸਕਦੇ ਹਨ। ਹਾਲ ਹੀ ਵਿੱਚ ਸੇਬ ਬਾਗਬਾਨਾਂ ਨਾਲ ਹੋਈ ਮੀਟਿੰਗ ਦੌਰਾਨ ਵੀ ਮੁੱਖ ਮੰਤਰੀ ਨੇ ਆਯਾਤ ਸ਼ੁਲਕ ਦਾ ਮਸਲਾ ਕੇਂਦਰੀ ਵਿੱਤ ਅਤੇ ਵਪਾਰ ਮੰਤਰੀ ਅੱਗੇ ਚੁੱਕਣ ਦਾ ਭਰੋਸਾ ਦਿੱਤਾ ਸੀ।

