ਹਿਮਾਚਲ ਪ੍ਰਦੇਸ਼ :- ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਰਕਾਰੀ ਸੈਕੰਡਰੀ ਅਤੇ ਐਲਿਮੈਂਟਰੀ ਸਕੂਲਾਂ ਲਈ ਸਾਲਾਨਾ ਸਮਾਗਮਾਂ ਨੂੰ ਲੈ ਕੇ ਸਖ਼ਤ ਰੁਖ ਅਪਣਾਇਆ ਹੈ। ਸਕੂਲ ਸਿੱਖਿਆ ਡਾਇਰੈਕਟੋਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ, ਮੌਜੂਦਾ ਅਕਾਦਮਿਕ ਸੈਸ਼ਨ ਲਈ ਸਿਰਫ਼ ਇਕ ਵਾਰੀ ਦੀ ਵਿਸ਼ੇਸ਼ ਛੂਟ ਦਿੰਦਿਆਂ ਸਕੂਲਾਂ ਨੂੰ 31 ਦਸੰਬਰ 2025 ਤੱਕ ਹੀ ਸਾਲਾਨਾ ਪ੍ਰੋਗਰਾਮ ਕਰਵਾਉਣ ਦੀ ਆਗਿਆ ਦਿੱਤੀ ਗਈ ਹੈ। ਇਸ ਮਿਆਦ ਤੋਂ ਬਾਅਦ ਕਿਸੇ ਵੀ ਸੂਰਤ ਵਿੱਚ ਹੋਰ ਵਧੇਰੇ ਸਮਾਂ ਨਹੀਂ ਮਿਲੇਗਾ।
ਨਵੰਬਰ ਦੀ ਮਿਆਦ ਪਾਰ ਕਰਨ ਵਾਲੇ ਸਕੂਲਾਂ ਤੋਂ ਰਿਪੋਰਟ ਤਲਬ
ਡਾਇਰੈਕਟੋਰੇਟ ਨੇ ਸਪਸ਼ਟ ਕੀਤਾ ਹੈ ਕਿ ਪਹਿਲਾਂ ਸਰਕਾਰ ਵੱਲੋਂ ਸਾਲਾਨਾ ਸਮਾਗਮਾਂ ਲਈ 30 ਨਵੰਬਰ 2025 ਦੀ ਆਖ਼ਰੀ ਮਿਤੀ ਨਿਰਧਾਰਤ ਕੀਤੀ ਗਈ ਸੀ। ਜੋ ਸਕੂਲ ਇਸ ਮਿਆਦ ਤੱਕ ਆਪਣਾ ਪ੍ਰੋਗਰਾਮ ਨਹੀਂ ਕਰਵਾ ਸਕੇ, ਉਨ੍ਹਾਂ ਨੂੰ ਹੁਣ ਵਿਸਥਾਰ ਨਾਲ ਲਿਖਤੀ ਸਪਸ਼ਟੀਕਰਨ ਦੇਣਾ ਪਵੇਗਾ। ਹਰ ਸਕੂਲ ਨੂੰ ਆਪਣੀ ਵੱਖ-ਵੱਖ ਰਿਪੋਰਟ ਤਿਆਰ ਕਰਕੇ 15 ਜਨਵਰੀ 2026 ਤੱਕ ਸਕੂਲ ਸਿੱਖਿਆ ਡਾਇਰੈਕਟੋਰੇਟ ਨੂੰ ਭੇਜਣ ਦੇ ਹੁਕਮ ਹਨ।
ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ ਨਿਗਰਾਨੀ ਦੇ ਨਿਰਦੇਸ਼
ਸਰਕਾਰ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਪਣੇ ਅਧੀਨ ਆਉਂਦੇ ਸਕੂਲ ਮੁਖੀਆਂ ਵੱਲੋਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ। ਨੋਟੀਫਿਕੇਸ਼ਨ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਕਿਸੇ ਵੀ ਪੱਧਰ ’ਤੇ ਲਾਪਰਵਾਹੀ ਸਾਹਮਣੇ ਆਈ, ਤਾਂ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਸੂਬੇ ਭਰ ਵਿੱਚ ਲਾਗੂ ਹੋਵੇਗਾ ਹੁਕਮ
ਇਹ ਹੁਕਮ ਹਿਮਾਚਲ ਪ੍ਰਦੇਸ਼ ਦੇ ਡਾਇਰੈਕਟਰ ਆਫ਼ ਸਕੂਲ ਐਜੂਕੇਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਇਹ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ’ਤੇ ਬਰਾਬਰ ਤੌਰ ’ਤੇ ਲਾਗੂ ਹੋਵੇਗਾ।
ਧਰਮਸ਼ਾਲਾ ਦੇ ਬੱਚਿਆਂ ਲਈ ਮੁੱਖ ਮੰਤਰੀ ਦੀ ਵਿਸ਼ੇਸ਼ ਪਹਲ
ਇਸ ਦਰਮਿਆਨ, ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਧਰਮਸ਼ਾਲਾ ਦੇ ਗਰੀਬ ਵਰਗ ਨਾਲ ਸਬੰਧਤ ਬੱਚਿਆਂ ਲਈ ਕੀਤਾ ਗਿਆ ਵਾਅਦਾ ਵੀ ਚਰਚਾ ਵਿੱਚ ਰਿਹਾ। ਮੁੱਖ ਮੰਤਰੀ ਨੇ ਸਾਰਾਹ ਇਲਾਕੇ ਦੇ ਟੋਂਗ ਲੇਨ ਸਕੂਲ ਵਿੱਚ ਪੜ੍ਹ ਰਹੇ ਸਲਮ ਵਾਸੀ ਪਰਿਵਾਰਾਂ ਦੇ ਕਰੀਬ 160 ਬੱਚਿਆਂ ਨੂੰ ਹਿਮਾਚਲ ਪ੍ਰਦੇਸ਼ ਕ੍ਰਿਕਟ ਸਟੇਡੀਅਮ ਵਿੱਚ ਭਾਰਤ–ਦੱਖਣ ਅਫਰੀਕਾ ਟੀ-20 ਮੈਚ ਸਿੱਧਾ ਵੇਖਣ ਦਾ ਮੌਕਾ ਦਿੱਤਾ।
ਮੁੱਖ ਮੰਤਰੀ ਦਫ਼ਤਰ ਮੁਤਾਬਕ, ਇਹ ਕਦਮ ਧਰਮਸ਼ਾਲਾ ਦੌਰੇ ਦੌਰਾਨ ਬੱਚਿਆਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰਨ ਦੀ ਕੜੀ ਸੀ। ਸੀਮਿਤ ਸਾਧਨਾਂ ਵਾਲੇ ਪਰਿਵਾਰਾਂ ਨਾਲ ਸਬੰਧਤ ਇਨ੍ਹਾਂ ਬੱਚਿਆਂ ਲਈ ਅੰਤਰਰਾਸ਼ਟਰੀ ਕ੍ਰਿਕਟ ਮੈਚ ਦੇ ਦਰਸ਼ਨ ਕਿਸੇ ਸੁਪਨੇ ਦੇ ਸਾਕਾਰ ਹੋਣ ਤੋਂ ਘੱਟ ਨਹੀਂ ਸਨ।

