ਹਿਮਾਚਲ ਪ੍ਰਦੇਸ਼ :- ਹਿਮਾਚਲ ਪ੍ਰਦੇਸ਼ ਸਰਕਾਰ ਨੇ ਚੰਡੀਗੜ੍ਹ ਦੇ ਬਿਲਕੁਲ ਨਾਲ ਇੱਕ ਨਵਾਂ ਸ਼ਹਿਰ ਵਸਾਉਣ ਦਾ ਐਲਾਨ ਕਰ ਕੇ ਖੇਤਰ ਦੀ ਸਿਆਸਤ ਅਤੇ ਸਮਾਜਿਕ ਬਣਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਹੇਠ ‘ਹਿਮ ਚੰਡੀਗੜ੍ਹ’ ਨਾਂ ਦਾ ਇਹ ਪ੍ਰਸਤਾਵਿਤ ਸ਼ਹਿਰ ਬੱਦੀ ਖੇਤਰ ਦੇ ਸ਼ੀਤਲਪੁਰ ਵਿੱਚ ਬਣਾਇਆ ਜਾਣਾ ਹੈ, ਪਰ ਐਲਾਨ ਨਾਲ ਹੀ ਲੋਕੀ ਰੋਸ ਦੇ ਸੁਰ ਉਭਰ ਆਏ ਹਨ।
ਸਰਕਾਰੀ ਕਾਗਜ਼ਾਂ ’ਚ ਤੇਜ਼ੀ, ਮੈਦਾਨ ’ਚ ਵਿਰੋਧ
30 ਦਸੰਬਰ 2025 ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਯੋਜਨਾ ਨੂੰ ਹਰੀ ਝੰਡੀ ਮਿਲੀ, ਜਿਸ ਤਹਿਤ ਹਜ਼ਾਰਾਂ ਬੀਘਾ ਜ਼ਮੀਨ ਨੂੰ ਸ਼ਹਿਰੀ ਵਿਕਾਸ ਲਈ ਤਬਦੀਲ ਕਰਨ ਦੀ ਕਾਰਵਾਈ ਚਲ ਪਈ। ਸਰਕਾਰ ਦਾ ਦਾਅਵਾ ਹੈ ਕਿ ਇਹ ਸ਼ਹਿਰ ਚੰਡੀਗੜ੍ਹ ਨਾਲ ਤੇਜ਼ ਸੜਕ ਅਤੇ ਰੇਲ ਕਨੈਕਟੀਵਿਟੀ ਰਾਹੀਂ ਜੁੜੇਗਾ, ਪਰ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਇਹ ਵਿਕਾਸ ਨਹੀਂ, ਉਜਾੜ ਨਜ਼ਰ ਆ ਰਿਹਾ ਹੈ।
ਖੇਤੀ ਛੱਡ ਕੇ ਕਿੱਥੇ ਜਾਣ? ਪਿੰਡਾਂ ਦਾ ਸਿੱਧਾ ਸਵਾਲ
ਮਲਪੁਰ ਅਤੇ ਸੰਡੋਲੀ ਪੰਚਾਇਤਾਂ ਦੇ ਪੇਂਡੂਆਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਰੋਜ਼ੀ-ਰੋਟੀ ਦਾ ਸੌਦਾ ਕਿਸੇ ਯੋਜਨਾ ਦੇ ਬਦਲੇ ਨਹੀਂ ਕਰਨਗੇ। ਪਿੰਡਾਂ ਦੀ ਅਰਥਵਿਵਸਥਾ ਖੇਤੀਬਾੜੀ ਅਤੇ ਪਸ਼ੂਪਾਲਣ ’ਤੇ ਟਿਕੀ ਹੋਈ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਜ਼ਮੀਨ ਗਈ ਤਾਂ ਨੌਕਰੀ ਵੀ ਨਹੀਂ, ਘਰ ਵੀ ਨਹੀਂ।
ਅਦਾਲਤ ਤੱਕ ਲੜਾਈ ਜਾਣ ਦੇ ਆਸਾਰ
ਪਿੰਡ ਵਾਸੀਆਂ ਨੇ ਖੁੱਲ੍ਹੀ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਬਿਨਾਂ ਸਹਿਮਤੀ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਕੀਤੀ ਤਾਂ ਸੰਘਰਸ਼ ਸੜਕਾਂ ਤੋਂ ਅਦਾਲਤਾਂ ਤੱਕ ਪਹੁੰਚੇਗਾ। ਵਿਕਾਸ ਦੇ ਨਾਂ ’ਤੇ ਲਏ ਜਾ ਰਹੇ ਇਸ ਫੈਸਲੇ ਨੇ ਸਰਕਾਰ ਲਈ ਇੱਕ ਵੱਡੀ ਸਿਆਸੀ ਅਤੇ ਸਮਾਜਿਕ ਚੁਣੌਤੀ ਖੜ੍ਹੀ ਕਰ ਦਿੱਤੀ ਹੈ।

