ਚੰਡੀਗੜ੍ਹ: ਔਰਤਾਂ ਦੀ ਸੁਰੱਖਿਆ ਅਤੇ ਮਾਨ-ਸਨਮਾਨ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹਿੰਸਾ ਅਤੇ ਸੰਕਟ ਦਾ ਸਾਹਮਣਾ ਕਰ ਰਹੀਆਂ ਔਰਤਾਂ ਲਈ ਸਹਾਇਤਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਸਤੇ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਇਨ੍ਹਾਂ ਯਤਨਾਂ ਦੇ ਤਹਿਤ ਵਿੱਤੀ ਸਾਲ 2022–23 ਤੋਂ 2025–26 ਤੱਕ ਰਾਜ ਭਰ ਵਿੱਚ ਸਥਾਪਿਤ ਵਨ ਸਟਾਪ ਸੈਂਟਰਾਂ ਰਾਹੀਂ ਕੁੱਲ 17,651 ਔਰਤਾਂ ਨੂੰ ਮੁਫ਼ਤ ਅਤੇ ਇਕਰੂਪ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿੱਚ ਸੰਕਟਗ੍ਰਸਤ ਔਰਤਾਂ ਨੂੰ ਇੱਕ ਹੀ ਥਾਂ ਤੇ ਤੁਰੰਤ ਅਤੇ ਸੰਯੁਕਤ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਨ੍ਹਾਂ ਸੇਵਾਵਾਂ ਵਿੱਚ ਡਾਕਟਰੀ ਸਹਾਇਤਾ, ਕਾਨੂੰਨੀ ਸਹਾਇਤਾ, ਪੁਲਿਸ ਸਹਾਇਤਾ, ਕੌਂਸਲਿੰਗ, ਅਸਥਾਈ ਰਹਿਣ ਦੀ ਸਹੂਲਤ ਅਤੇ ਭੋਜਨ ਸ਼ਾਮਲ ਹਨ।
ਵਿੱਤੀ ਸਾਲ 2022–23 ਦੌਰਾਨ 3,592 ਔਰਤਾਂ ਨੂੰ, 2023–24 ਦੌਰਾਨ 3,633 ਔਰਤਾਂ ਨੂੰ, 2024–25 ਦੌਰਾਨ 5,305 ਔਰਤਾਂ ਨੂੰ ਅਤੇ 2025–26 ਦੌਰਾਨ 5,121 ਔਰਤਾਂ ਨੂੰ ਇਹ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਹ ਵੱਧ ਰਹੇ ਅੰਕੜੇ ਸਰਕਾਰ ਦੀ ਵਧਦੀ ਪਹੁੰਚ ਅਤੇ ਔਰਤਾਂ ਵਿਚ ਬਣ ਰਹੇ ਭਰੋਸੇ ਦਾ ਪ੍ਰਤੀਕ ਹਨ। ਇਹ ਸਿਰਫ਼ ਅੰਕੜੇ ਨਹੀਂ, ਸਗੋਂ ਹਿੰਮਤ ਅਤੇ ਉਮੀਦ ਦੀਆਂ ਜੀਵੰਤ ਕਹਾਣੀਆਂ ਹਨ। ਜਿਹੜੀਆਂ ਔਰਤਾਂ ਕਦੇ ਡਰ ਅਤੇ ਅਨਿਆਂ ਦਾ ਸਾਹਮਣਾ ਕਰ ਰਹੀਆਂ ਸਨ, ਉਹ ਅੱਜ ਇੱਜ਼ਤ ਅਤੇ ਆਤਮ-ਵਿਸ਼ਵਾਸ ਨਾਲ ਆਪਣੀ ਜ਼ਿੰਦਗੀ ਨੂੰ ਮੁੜ ਸਵਾਰ ਰਹੀਆਂ ਹਨ। ਵਨ ਸਟਾਪ ਸੈਂਟਰ ਸਿਰਫ਼ ਸੇਵਾ ਕੇਂਦਰ ਨਹੀਂ, ਸਗੋਂ ਔਰਤਾਂ ਲਈ ਸੁਰੱਖਿਆ, ਭਰੋਸੇ ਅਤੇ ਸਸ਼ਕਤੀਕਰਨ ਦਾ ਮਜ਼ਬੂਤ ਸਹਾਰਾ ਬਣ ਕੇ ਉਭਰੇ ਹਨ।”
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਨ ਸਟਾਪ ਸੈਂਟਰ ਸਥਾਪਿਤ ਕੀਤੇ ਜਾ ਚੁੱਕੇ ਹਨ, ਤਾਂ ਜੋ ਕੋਈ ਵੀ ਔਰਤ ਜ਼ਰੂਰਤ ਦੇ ਸਮੇਂ ਸਹਾਇਤਾ ਤੋਂ ਵਾਂਝੀ ਨਾ ਰਹਿ ਜਾਵੇ। ਹਰ ਇਕ ਔਰਤ ਨੂੰ ਵੂਮੈਨ ਹੈਲਪਲਾਈਨ ਨੰਬਰ 181 (ਟੋਲ-ਫ੍ਰੀ) ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਇਸ ਨੰਬਰ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ, ਤਾਂ ਜੋ ਸੰਕਟ ਦੀ ਘੜੀ ਵਿੱਚ ਤੁਰੰਤ ਮਦਦ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਹੈਲਪਲਾਈਨ ਔਰਤਾਂ ਲਈ ਸੁਰੱਖਿਆ, ਸਹਾਰਾ ਅਤੇ ਭਰੋਸੇ ਦੀ ਮਜ਼ਬੂਤ ਕੜੀ ਸਾਬਤ ਹੋ ਰਹੀ ਹੈ।

