ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਪਾਨ ਅਤੇ ਕੋਰੀਆ ਫੇਰੀ ਨੇ ਸੂਬੇ ਲਈ ਵੱਡੇ ਨਿਵੇਸ਼ ਦੇ ਰਾਹ ਖੋਲ੍ਹ ਦਿੱਤੇ ਹਨ। ਇਸ ਦੌਰਾਨ ਨੌਂ ਅੰਤਰਰਾਸ਼ਟਰੀ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ, ਜਿਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ। ਇਹ ਨਿਵੇਸ਼ ਏਆਈ, ਆਈਟੀ, ਇਲੈਕਟ੍ਰਿਕ ਵਾਹਨਾਂ ਅਤੇ ਆਧੁਨਿਕ ਤਕਨਾਲੋਜੀ ਵਰਗੇ ਭਵਿੱਖੀ ਖੇਤਰਾਂ ’ਤੇ ਕੇਂਦ੍ਰਿਤ ਹਨ।
ਜਾਪਾਨੀ ਕੰਪਨੀਆਂ ਯਾਮਾਹਾ ਹੀਰੋ ਅਤੇ ਹੋਂਡਾ ਵੱਲੋਂ ਪੰਜਾਬ ਵਿੱਚ ਇਲੈਕਟ੍ਰਿਕ ਬਾਈਕਾਂ ਅਤੇ ਕਾਰ ਪੁਰਜ਼ਿਆਂ ਦੇ ਨਿਰਮਾਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨਾਲ ਆਟੋਮੋਬਾਈਲ ਖੇਤਰ ਨੂੰ ਨਵੀਂ ਦਿਸ਼ਾ ਮਿਲੇਗੀ। ਇਸਦੇ ਨਾਲ ਹੀ ਫੁਜਿਤਸੂ ਲਿਮਿਟਡ, ਟੋਰੇ ਅਤੇ ਟੌਪਨ ਹੋਲਡਿੰਗਜ਼ ਨੇ ਮੋਹਾਲੀ ਨੂੰ ਗਲੋਬਲ ਆਈਟੀ ਅਤੇ ਏਆਈ ਹੱਬ ਵਜੋਂ ਵਿਕਸਤ ਕਰਨ ਲਈ ਵੱਡੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਹ ਪ੍ਰੋਜੈਕਟ ਸਥਾਨਕ ਨੌਜਵਾਨਾਂ ਲਈ ਤਕਨੀਕੀ ਸਿਖਲਾਈ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਗੇ।
ਇਸ ਤੋਂ ਇਲਾਵਾ JICA ਵੱਲੋਂ ਬਾਗਬਾਨੀ ਪ੍ਰੋਜੈਕਟਾਂ ਅਤੇ JBIC ਵੱਲੋਂ ਸਾਫ਼ ਊਰਜਾ ਵਿੱਚ ਨਿਵੇਸ਼ ਨਾਲ ਕਿਸਾਨਾਂ ਅਤੇ ਪੇਂਡੂ ਅਰਥਵਿਵਸਥਾ ਨੂੰ ਵੱਡਾ ਫਾਇਦਾ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਨਿਵੇਸ਼ਾਂ ਨੂੰ ਪੰਜਾਬ ਦੇ ਵਿਕਾਸ ਵਿੱਚ ਇੱਕ ਮੀਲ ਪੱਥਰ ਦੱਸਦਿਆਂ ਕਿਹਾ ਕਿ ਇਹ ਜ਼ਮੀਨੀ ਪੱਧਰ ’ਤੇ ਬਦਲਾਅ ਲਿਆਉਣਗੇ। ਸਰਕਾਰ ਦੀ ਸਿੰਗਲ-ਵਿੰਡੋ ਕਲੀਅਰੈਂਸ ਅਤੇ ਫਾਸਟ-ਟਰੈਕ ਪ੍ਰਕਿਰਿਆ ਨਾਲ ਪੰਜਾਬ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਪ੍ਰਮੁੱਖ ਨਿਵੇਸ਼ ਗੰਤਵਿਆਂ ਵਿੱਚ ਸ਼ਾਮਲ ਹੋ ਸਕਦਾ ਹੈ।

