ਚੰਡੀਗੜ੍ਹ: ਪੰਜਾਬ ਦਾ ਪਵਿੱਤਰ ਬੁੱਢਾ ਦਰਿਆ, ਜੋ ਕਦੇ ਗੰਦਗੀ ਦਾ ਪ੍ਰਤੀਕ ਬਣ ਗਿਆ ਸੀ, ਹੁਣ ਇੱਕ ਨਵੇਂ ਜੀਵਨ ਨਾਲ ਚਮਕ ਰਿਹਾ ਹੈ। ਰਾਜ ਸਭਾ ਮੈਂਬਰ ਅਤੇ ‘ਆਪ’ ਦੇ ਸੀਨੀਅਰ ਨੇਤਾ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਿਰਫ਼ ਇੱਕ ਸਾਲ ਵਿੱਚ ਸਥਾਨਕ ਸੰਗਤ ਨਾਲ ਮਿਲ ਕੇ ਦਰਿਆ ਦੇ ਵੱਡੇ ਹਿੱਸੇ ਨੂੰ ਸਾਫ਼ ਕਰ ਦਿੱਤਾ। ਜਿੱਥੇ ਪਹਿਲਾਂ ਖੜ੍ਹਨਾ ਵੀ ਅਸੰਭਵ ਸੀ, ਅੱਜ ਉੱਥੇ ਕਿਸ਼ਤੀਆਂ ਚੱਲ ਰਹੀਆਂ ਹਨ, ਹਰਾ-ਭਰਾ ਕੰਢਾ ਵਾਪਸ ਜਾਗ ਪਿਆ ਹੈ ਅਤੇ ਜਲ-ਜੀਵ ਤੇ ਪੰਛੀਆਂ ਨੇ ਮੁੜ ਵਾਪਸੀ ਕਰ ਲਈ ਹੈ। ਇਹ ਬਦਲਾਅ ਦਰਸਾਉਂਦਾ ਹੈ ਕਿ ਜਨਤਾ ਦੇ ਸਹਿਯੋਗ ਅਤੇ ਇਮਾਨਦਾਰ ਰਾਜਨੀਤੀ ਨਾਲ ਵਾਤਾਵਰਣਕ ਚਮਤਕਾਰ ਸੰਭਵ ਹਨ।

ਇਹ ਅੰਦੋਲਨ ਸਿਰਫ਼ ਸਫਾਈ ਮੁਹਿੰਮ ਨਹੀਂ, ਸਗੋਂ ਜਨਤਕ ਭਾਗੀਦਾਰੀ ਨਾਲ ਵਾਤਾਵਰਣ ਸੁਰੱਖਿਆ ਦਾ ਸਭ ਤੋਂ ਵੱਡਾ ਮਾਡਲ ਬਣ ਗਿਆ ਹੈ। ਹਜ਼ਾਰਾਂ ਵਲੰਟੀਅਰਾਂ ਨੇ ਟਨ ਕੂੜਾ ਹਟਾ ਕੇ, ਕਿਨਾਰੇ ਸਾਫ਼ ਕਰਕੇ ਅਤੇ ਰੁੱਖ ਲਗਾ ਕੇ ਦਰਿਆ ਨੂੰ ਦੁਬਾਰਾ ਜੀਵੰਤ ਬਣਾਇਆ ਹੈ। ਮਾਹਿਰਾਂ ਦੇ ਮਤਾਬਕ ਜਲਜੀਵੀਆਂ ਅਤੇ ਪੰਛੀਆਂ ਦੀ ਵਾਪਸੀ, ਨਾਲ ਹੀ ਕਿਸ਼ਤੀਆਂ ਦੀ ਆਵਾਜਾਈ, ਪਾਣੀ ਦੀ ਗੁਣਵੱਤਾ ਅਤੇ ਪ੍ਰਵਾਹ ਦੇ ਸੁਧਾਰ ਦਾ ਸਬੂਤ ਹੈ। ਉੱਧਰ, ਮਾਨ ਸਰਕਾਰ ਨੇ ਸੀਵਰੇਜ ਟ੍ਰੀਟਮੈਂਟ ਪਲਾਂਟ, ਉਦਯੋਗਿਕ ਪ੍ਰਦੂਸ਼ਣ ‘ਤੇ ਸਖ਼ਤੀ ਅਤੇ ਜ਼ੀਰੋ-ਡਿਸਚਾਰਜ ਨੀਤੀ ਨਾਲ ਇਸ ਮਿਸ਼ਨ ਨੂੰ ਮਜ਼ਬੂਤੀ ਦਿੱਤੀ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ ਅਤੇ ਪੂਰੇ ਪੰਜਾਬ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਸਥਾਨਕ ਲੋਕਾਂ ਨੇ ਦਰਿਆ ਦੇ ਪੁਨਰਜਾਗਰਣ ਨੂੰ “50 ਸਾਲਾਂ ਵਿੱਚ ਨਾ ਹੋ ਸਕਣ ਵਾਲਾ ਚਮਤਕਾਰ” ਕਹਿੰਦੇ ਹੋਏ ਸੰਤ ਜੀ ਅਤੇ ‘ਆਪ’ ਸਰਕਾਰ ਦੀ ਖੁਲ੍ਹ ਕੇ ਪ੍ਰਸ਼ੰਸਾ ਕੀਤੀ ਹੈ। ਸੰਤ ਜੀ ਦਾ ਮੰਨਣਾ ਹੈ ਕਿ ਜਦੋਂ ਸੰਗਤ, ਸਰਕਾਰ ਅਤੇ ਸਮਾਜ ਇਕੱਠੇ ਹੋਣ, ਕੋਈ ਵੀ ਦਰਿਆ ਜਾਂ ਵਾਤਾਵਰਣਕ ਮਿਸ਼ਨ ਅਸੰਭਵ ਨਹੀਂ ਰਹਿੰਦਾ।

