ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ, ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸੋਸ਼ਲ ਮੀਡੀਆ ‘ਤੇ ਔਰਤਾਂ ਬਣ ਕੇ ਅਣਜਾਣ ਪੀੜਤਾਂ ਨਾਲ ਧੋਖਾਧੜੀ ਕਰਨ ਅਤੇ ਉਨ੍ਹਾਂ ਤੋਂ ਪੈਸੇ ਵਸੂਲਣ ਵਾਲੇ ਅੰਤਰ-ਰਾਜੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਭਿਸ਼ੇਕ ਭਾਰਗਵ, ਆਕਾਸ਼ ਭਾਰਗਵ ਉਰਫ਼ ਅਮਨ ਅਤੇ ਲੱਕੀ ਭਾਰਗਵ ਤਿੰਨੋਂ ਵਾਸੀ ਝੁੰਝੁਨੂ, ਰਾਜਸਥਾਨ ਵਜੋਂ ਹੋਈ ਹੈ ਜੋ ਤਿੰਨੋ ਭਰਾ ਹਨ ਅਤੇ ਮੌਜੂਦਾ ਸਮੇਂ ਇਹ ਸੈਕਟਰ 70, ਐਸਏਐਸ ਨਗਰ (ਮੋਹਾਲੀ) ਵਿਖੇ ਰਹਿ ਰਹੇ ਸਨ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3.49 ਲੱਖ ਰੁਪਏ ਦੀ ਨਕਦੀ, 500 ਅਮਰੀਕੀ ਡਾਲਰ, 29 ਮੋਬਾਈਲ ਫੋਨ, ਇੱਕ ਲੈਪਟਾਪ, ਇੱਕ ਡੌਂਗਲ, ਇੱਕ ਟੈਬਲੇਟ ਅਤੇ ਮੋਬਾਈਲ ਫੋਨਾਂ ਦੇ 38 ਖਾਲੀ ਡੱਬੇ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਨੇ ਇੰਸਟਾਗ੍ਰਾਮ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਔਰਤਾਂ ਬਣਕੇ ਫਰਜ਼ੀ ਪ੍ਰੋਫਾਈਲ ਬਣਾਏ ਹੋਏ ਸਨ ਅਤੇ ਇਹਨਾਂ ਰਾਹੀਂ ਆਪਣੇ ਟਾਰਗੇਟ ਨਾਲ ਸੰਪਰਕ ਕਰਦੇ ਸਨ। ਇਸ ਆਪਰੇਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ, ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਦੱਸਿਆ ਕਿ ਇੱਕ ਪੀੜਤ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਪੀੜਤ ਨਾਲ ਸਾਲ 2023 ਅਤੇ 2025 ਦੇ ਵਿਚਕਾਰ ਉਸ ਸਮੇਂ 3.10 ਲੱਖ ਰੁਪਏ ਦੀ ਠੱਗੀ ਮਾਰੀ ਗਈ ਸੀ, ਜਦੋਂ ਉਹ ਕੈਨੇਡਾ ਵਿੱਚ ਰਹਿ ਰਹੀ ਸੀ।
ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਐਸਪੀ ਜਸਪਿੰਦਰ ਸਿੰਘ ਦੀ ਨਿਗਰਾਨੀ ਹੇਠ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਐਸਐਚਓ ਅਮਨਦੀਪ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਸਰਗਨਾ ਆਕਾਸ਼ ਭਾਰਗਵ ਨੇ ਦੋ ਸਾਲ ਪਹਿਲਾਂ ਇਹ ਢੰਗ-ਤਰੀਕਾ ਤਿਆਰ ਕੀਤਾ ਸੀ ਜਿਸ ਰਾਹੀਂ ਉਹ ਨਕਲੀ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਵਰਤੋਂ ਕਰਕੇ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਸਨ ਅਤੇ ਨਕਲੀ ਧਾਰਮਿਕ ਗੁਰੂ ਜਾਂ ਜੋਤਸ਼ੀ ਬਣ ਕੇ ਉਨ੍ਹਾਂ ਨਾਲ ਧੋਖਾ ਕਰ ਰਹੇ ਸਨ।
ਪੁੱਛਗਿੱਛ ਦੌਰਾਨ, ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਸ ਢੰਗ ਦੀ ਵਰਤੋਂ ਕਰਕੇ ਲਗਭਗ 40 ਲੱਖ ਰੁਪਏ ਠੱਗੇ ਹਨ। ਇਸ ਸਬੰਧੀ, ਐਫਆਈਆਰ ਨੰਬਰ 14 ਮਿਤੀ 08.08.2025 ਨੂੰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 308(2) ਅਤੇ 61(2) ਅਤੇ ਆਈਟੀ ਐਕਟ ਦੀ ਧਾਰਾ 67 ਤਹਿਤ ਥਾਣਾ ਸਟੇਟ ਸਾਈਬਰ ਕ੍ਰਾਈਮ, ਮੋਹਾਲੀ ਵਿਖੇ ਦਰਜ ਕੀਤੀ ਗਈ ਹੈ।

