ਚੰਡੀਗੜ੍ਹ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਪੰਜਾਬ ਦੇ ਹੋਸਪਿਟੈਲਿਟੀ (ਖਾਣਪੀਣ ਦੇ ਕਾਰੋਬਾਰ) ਖੇਤਰ ਵਿੱਚ 200 ਕਰੋੜ ਰੁਪਏ ਦੇ ਟਰਨਓਵਰ ਛੁਪਾਉਣ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਢਾਬਿਆਂ, ਖਾਣ-ਪੀਣ ਵਾਲੀਆਂ ਥਾਵਾਂ, ਰੈਸਟੋਰੈਂਟਾਂ ਅਤੇ ਫਾਸਟ-ਫੂਡ ਆਊਟਲੈਟਾਂ ਵਿੱਚ ਡੂੰਘੀਆਂ ਜੜ੍ਹਾਂ ਜਮਾ ਚੁੱਕੀ ਅਤੇ ਵਿਵਸਥਾਗਤ ਢੰਗ ਨਾਲ ਆਮਦਨ ਘੱਟ ਦਿਖਾਉਣ ਦੀ ਪ੍ਰਵਿਰਤੀ ਤੋਂ ਪਰਦਾ ਉਠਾਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਜਨਤਕ ਮਾਲੀਏ ਦੀ ਰਾਖੀ ਲਈ ਤਕਨਾਲੋਜੀ-ਆਧਾਰਿਤ ਸਖ਼ਤ ਕਾਰਵਾਈ ਸ਼ੁਰੂ ਕੀਤੀ ਜਿਸ ਤਹਿਤ 882 ਅਦਾਰੇ ਜਾਂਚ ਦੇ ਘੇਰੇ ਵਿੱਚ ਲਏ ਗਏ ਅਤੇ ਹੁਣ ਤੱਕ 2.02 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ।
ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਮੋਹਾਲੀ, ਜਲੰਧਰ ਅਤੇ ਲੁਧਿਆਣਾ ਵਰਗੇ ਪ੍ਰਮੁੱਖ ਸ਼ਹਿਰੀ ਕੇਂਦਰ ਟੈਕਸ ਚੋਰੀ ਦੇ ਮੁੱਖ ਗੜ੍ਹ ਵਜੋਂ ਉੱਭਰੇ ਹਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਵੱਧ ਨਕਦੀ ਅਤੇ ਹਾਈਬ੍ਰਿਡ ਭੁਗਤਾਨਾਂ (ਨਕਦੀ ਅਤੇ ਡਿਜੀਟਲ ਦੋਵੇਂ) ਵਾਲੇ ਖੇਤਰ ਇਸ ਧੋਖਾਧੜੀ ਦੇ ਕੇਂਦਰ ਵਿੱਚ ਹਨ। ਉਨ੍ਹਾਂ ਕਿਹਾ ਕਿ ਐਡਵਾਂਸਡ ਡਾਟਾ ਐਨਾਲਿਟਿਕਸ, ਟੈਕਸ ਇੰਟੈਲੀਜੈਂਸ ਯੂਨਿਟ ਅਤੇ ਸਟੇਟ ਇੰਟੈਲੀਜੈਂਸ ਤੇ ਪ੍ਰੀਵੈਂਟਿਵ ਯੂਨਿਟ (ਸਿਪੂ) ਤੋਂ ਮਿਲੀ ਜਾਣਕਾਰੀ, ਅਤੇ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦੀ ਸਫਲਤਾ ਦੇ ਸਹਾਰੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ।
“ਹੋਰ ਵਿਸ਼ਲੇਸ਼ਣ ਅਤੇ ਵਿੱਤੀ ਸਾਲ 2023-24 ਅਤੇ 2024-25 ਨਾਲ ਸਬੰਧਤ ਡਾਟੇ ਨੂੰ ਸ਼ਾਮਲ ਕਰਨ ਨਾਲ, ਟਰਨਓਵਰ ਲੁਕਾਉਣ ਦਾ ਕੁੱਲ ਆਕਾਰ ਲਗਭਗ 500 ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ।” ਚੱਲ ਰਹੀ ਜਾਂਚ ਦੇ ਨਤੀਜਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਅੱਜ ਤੱਕ ਕਰਵਾਈ ਗਈ ਮੁੱਢਲੀ ਜਾਂਚ ਵਿੱਚ 239 ਮਾਮਲਿਆਂ ਦੀ ਘੋਖ ਕੀਤੀ ਗਈ ਹੈ, ਜਿਸ ਦੇ ਨਤੀਜੇ ਵਜੋਂ ਲਗਭਗ 50 ਕਰੋੜ ਰੁਪਏ ਦੀ ਟਰਨਓਵਰ ਛੁਪਾਉਣ ਦਾ ਪਤਾ ਲੱਗਾ ਹੈ।”
ਜ਼ਿਲ੍ਹੇਵਾਰ ਵੇਰਵਾ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ, “ਮੋਹਾਲੀ ਵਿੱਚ ਸਭ ਤੋਂ ਵੱਧ 8.16 ਕਰੋੜ ਰੁਪਏ ਦੀ ਟਰਨਓਵਰ ਛੁਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਜਲੰਧਰ ਵਿੱਚ 6.72 ਕਰੋੜ ਰੁਪਏ ਅਤੇ ਲੁਧਿਆਣਾ ਵਿੱਚ 5.48 ਕਰੋੜ ਰੁਪਏ ਸਾਹਮਣੇ ਆਏ ਹਨ, ਜੋ ਕਿ ਫੜੀ ਗਈ ਟੈਕਸ ਚੋਰੀ ਵਿੱਚ ਮੁੱਖ ਯੋਗਦਾਨ ਪਾਉਣ ਵਾਲੇ ਜ਼ਿਲ੍ਹੇ ਹਨ।” ਉਨ੍ਹਾਂ ਅੱਗੇ ਕਿਹਾ ਕਿ ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਮੁਕਾਬਲਤਨ ਘੱਟ ਬੇਨਿਯਮੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਲੜੀਵਾਰ 3.83 ਕਰੋੜ ਰੁਪਏ ਅਤੇ 0.99 ਕਰੋੜ ਰੁਪਏ ਦੀ ਚੋਰੀ ਫੜੀ ਗਈ ਹੈ।
ਇਸ ਕਾਰਵਾਈ ਪਿੱਛੇ ਵਰਤੀ ਗਈ ਕਾਰਜ-ਵਿਧੀ ਦੀ ਵਿਆਖਿਆ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਟਿਵ ਯੂਨਿਟ ਵੱਲੋਂ ਕਾਰੋਬਾਰੀ ਡਾਟੇ ਦੀ ਬਾਰੀਕੀ ਨਾਲ ਕੀਤੀ ਗਈ ਜਾਂਚ ਦੌਰਾਨ ਇਹ ਦੇਖਿਆ ਗਿਆ ਕਿ ਅਜਿਹੇ ਅਦਾਰਿਆਂ ਦੀ ਇੱਕ ਵੱਡੀ ਗਿਣਤੀ ਆਨਲਾਈਨ ਬਿਲਿੰਗ ਐਪਲੀਕੇਸ਼ਨਾਂ ਦੀ ਵਰਤੋਂ ਕਰ ਰਹੀ ਸੀ।” ਉਨ੍ਹਾਂ ਅੱਗੇ ਕਿਹਾ, “ਮੈਂ ਟੈਕਸ ਇੰਟੈਲੀਜੈਂਸ ਯੂਨਿਟ, ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਟਿਵ ਯੂਨਿਟ ਨੂੰ, ਅਤੇ ਸਾਡੀ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦੀ ਸ਼ਾਨਦਾਰ ਸਫਲਤਾ ਨੂੰ ਇਸ ਵੱਡੇ ਪੱਧਰ ‘ਤੇ ਟੈਕਸ ਚੋਰੀ ਫੜਨ ਦਾ ਪੂਰਾ ਸਿਹਰਾ ਦਿੰਦਾ ਹਾਂ।”
ਉਲੰਘਣਾ ਕਰਨ ਵਾਲਿਆਂ ਨੂੰ ਸਪੱਸ਼ਟ ਚੇਤਾਵਨੀ ਜਾਰੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਭਗਵੰਤ ਮਾਨ ਸਰਕਾਰ ਕਰ ਅਦਾਇਗੀ ਨੂੰ ਯਕੀਨੀ ਬਣਾਉਣ ਅਤੇ ਸੂਬੇ ਦੇ ਮਾਲੀਏ ਦੀ ਰਾਖੀ ਲਈ ਤਕਨਾਲੋਜੀ, ਡਾਟਾ ਐਨਾਲਿਟਿਕਸ ਅਤੇ ਤਾਲਮੇਲ ਵਾਲੀ ਫੀਲਡ ਇਨਫੋਰਸਮੈਂਟ ਦਾ ਲਾਭ ਉਠਾਉਣ ਲਈ ਵਚਨਬੱਧ ਹੈ।” ਉਨ੍ਹਾਂ ਜ਼ੋਰ ਦੇ ਕੇ ਕਿਹਾ, “ਕਰ ਚੋਰੀ ਦੇ ਸਾਰੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਦੋਂ ਕਿ ਕਰ ਨਿਯਮਾਂ ਦੀ ਪਾਲਣਾ ਕਰਨ ਵਾਲੇ ਟੈਕਸਦਾਤਾਵਾਂ ਨੂੰ ਸਹੂਲਤਾਂ ਮਿਲਦੀਆਂ ਰਹਿਣਗੀਆਂ।”

