ਨਵੀਂ ਦਿੱਲੀ: ਦਿੱਲੀ ਵਿੱਚ ਬੀਤੀ ਰਾਤ ਤੋਂ ਹੋ ਰਹੀ ਲਗਾਤਾਰ ਭਾਰੀ ਮੀਂਹ ਕਾਰਨ ਸ਼ਨੀਵਾਰ ਸਵੇਰੇ ਦੱਖਣ-ਪੂਰਬੀ ਦਿੱਲੀ ਵਿੱਚ ਜੈਤਪੁਰ ਵਿਖੇ ਇੱਕ ਦੁਖਦਾਈ ਘਟਨਾ ਵਾਪਰੀ ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ।
ਇੱਥੇ ਇੱਕ ਪੁਰਾਣੇ ਘਰ ਦੀ ਦੀਵਾਰ ਡਿੱਗਣ ਕਾਰਨ ਅੱਠ ਲੋਕ ਮਲਬੇ ਹੇਠ ਦੱਬ ਗਏ, ਜਿਨ੍ਹਾਂ ਵਿੱਚੋਂ ਸੱਤ ਦੀ ਮੌਤ ਹੋ ਗਈ ਤੇ ਇੱਕ ਜੇਰੇ ਇਲਾਜ ਹੈ। ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਲਬੇ ਵਿੱਚੋਂ ਅੱਠ ਵਿਅਕਤੀਆਂ ਨੂੰ ਕੱਢਿਆ ਗਿਆ।
ਮਾਰੇ ਗਏ ਵਿਅਕਤੀਆਂ ਵਿੱਚ ਤਿੰਨ ਮਰਦ, ਦੋ ਔਰਤਾਂ ਅਤੇ ਦੋ ਛੋਟੀਆਂ ਕੁੜੀਆਂ ਸ਼ਾਮਲ ਹਨ। ਮਰਦਾਂ ਦੀ ਪਛਾਣ 30 ਸਾਲਾ ਸ਼ਬੀਬੁਲ, 30 ਸਾਲਾ ਰਬੀਬੁਲ ਅਤੇ 45 ਸਾਲਾ ਮੁੱਤੂ ਅਲੀ ਵਜੋਂ ਹੋਈ ਹੈ। ਔਰਤਾਂ ਵਿੱਚ 25 ਸਾਲਾ ਰੂਬੀਨਾ ਅਤੇ 25 ਸਾਲਾ ਡੌਲੀ, ਜਦਕਿ ਕੁੜੀਆਂ ਦੀ ਪਛਾਣ ਛੇ ਸਾਲਾ ਰੁਖਸਾਨਾ ਅਤੇ ਸੱਤ ਸਾਲਾ ਹਸੀਨਾ ਵਜੋਂ ਹੋਈ।
ਅਧਿਕਾਰੀਆਂ ਮੁਤਾਬਕ, ਪੰਜ ਜਖ਼ਮੀਆਂ ਨੂੰ ਸਫਦਰਜੁੰਗ ਹਸਪਤਾਲ ਲਿਜਾਇਆ ਗਿਆ, ਜਿੱਥੇ ਤਿੰਨ ਦੀ ਮੌਤ ਹੋ ਗਈ। ਤਿੰਨ ਹੋਰ ਨੂੰ ਏਮਜ਼ ਟ੍ਰੌਮਾ ਸੈਂਟਰ ਲਿਜਾਇਆ ਗਿਆ, ਜਿੱਥੇ ਸਭ ਦੀ ਮੌਤ ਹੋਣ ਦੀ ਪੁਸ਼ਟੀ ਹੋਈ।
ਇਸ ਘਟਨਾ ਦਾ ਇਕਲੌਤਾ ਜੀਵਤ ਬਚਿਆ ਹਸੀਬੁਲ ਹੈ, ਜੋ ਸਫਦਰਜੁੰਗ ਹਸਪਤਾਲ ਵਿੱਚ ਇਲਾਜ ਅਧੀਨ ਹੈ। ਸਥਾਨਕ ਨਿਵਾਸੀ ਅਨੰਦ ਜੈਸਵਾਲ ਨੇ ਘਟਨਾ ਦੇ ਦ੍ਰਿਸ਼ਾਂ ਦਾ ਜ਼ਿਕਰ ਕਰਦਿਆਂ ਦੱਸਿਆ, “ਮਲਬਾ ਸਾਫ ਕਰਨ ਅਤੇ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਲੋਕਾਂ ਨੇ ਰਾਹਤ ਟੀਮਾਂ ਦੀ ਉਡੀਕ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਸੀ।”
ਉਸਨੇ ਕਿਹਾ ਕਿ ਜਖ਼ਮ ਗੰਭੀਰ ਸਨ ਅਤੇ ਇਸ ਘਟਨਾ ਨੇ ਪੂਰੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ।
ਪ੍ਰਸ਼ਾਸਨ ਨੇ ਅਜੇ ਤੱਕ ਦੀਵਾਰ ਡਿੱਗਣ ਦੇ ਸਹੀ ਕਾਰਨਾਂ ‘ਤੇ ਪ੍ਰਤੀਕ੍ਰਿਆ ਨਹੀਂ ਦਿੱਤੀ, ਪਰ ਲਗਾਤਾਰ ਮੀਂਹ ਪੈਣ ਪੁਰਾਨੀ ਇਮਾਰਤ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਖੇਤਰ ਵਿੱਚ ਬਚਾਅ ਕਾਰਜ ਅਤੇ ਸੁਰੱਖਿਆ ਜਾਂਚ ਜਾਰੀ ਹੈ, ਜਿਸ ਨਾਲ ਹੋਰ ਹਾਦਸਿਆਂ ਤੋਂ ਬਚਿਆ ਜਾ ਸਕੇ।